ਸੂਰਤ: ਜੋਤਿਸ਼ ਸ਼ਾਸਤਰ ਅਨੁਸਾਰ ਖਰਮਾਸ ਦੇ ਮਹੀਨੇ ਕੋਈ ਨਵਾਂ ਜਾਂ ਮੰਗਲਿਕ ਕੰਮ ਨਹੀਂ ਕੀਤੇ ਜਾਂਦੇ। ਅੱਜ ਕੱਲ੍ਹ ਵਿਆਹ, ਸਗਾਈ, ਮੁੰਡਨ ਤੇ ਇਮਾਰਤ ਬਣਾਉਣ ਵਰਗੇ ਸ਼ੁਭ ਕੰਮ ਪੂਰੀ ਤਰ੍ਹਾਂ ਵਰਜਿਤ ਮੰਨੇ ਜਾਂਦੇ ਹਨ। ਮਕਰ ਸੰਕ੍ਰਾਂਤੀ ਦੇ ਦਿਨ ਤੋਂ ਹੀ ਸ਼ੁਭ ਕੰਮ ਸ਼ੁਰੂ ਹੋ ਜਾਂਦੇ ਹਨ। ਇਸ ਦੇ ਤਹਿਤ ਗੁਜਰਾਤ ਦੇ ਸੂਰਤ 'ਚ ਮਕਰ ਸੰਕ੍ਰਾਂਤੀ ਦੇ ਤਿਉਹਾਰ 'ਤੇ ਮੰਦਰ 'ਚ ਗਾਂ ਦੇ ਵੱਛੇ ਤੇ ਵੱਛੀ ਦਾ ਵਿਆਹ ਧੂਮਧਾਮ ਨਾਲ ਕੀਤਾ ਗਿਆ। ਇਸ ਵਿਆਹ ਵਿੱਚ ਵੱਛੇ ਅਤੇ ਵੱਛੀ ਵਾਲੇ ਪਾਸੇ ਦੇ ਲੋਕਾਂ ਨੇ ਸ਼ਿਰਕਤ ਕੀਤੀ।

ਧੂਮ-ਧਾਮ ਨਾਲ ਹੋਇਆ ਗਾਂ ਦੇ ਵੱਛੇ ਅਤੇ ਵੱਛੀ ਦਾ ਵਿਆਹ  
ਢੋਲ ਨਗਾੜੇ ਨਾਲ ਨੱਚਦੇ ਹੋਏ ਬਰਾਤੀ ਸੂਰਤ ਦੇ ਪਿੰਡ ਲਾਡਵੀ ਪਹੁੰਚੇ। ਜਿੱਥੇ ਲਾੜੇ ਅਤੇ ਬਰਾਤ 'ਚ ਆਏ ਬਾਰਾਤੀਆਂ ਦਾ ਸਵਾਗਤ ਕਰਨ ਲਈ ਲਾੜੀ ਪੱਖ ਦੇ ਲੋਕ ਖੜ੍ਹੇ ਸਨ। ਵਿਆਹ ਵਿੱਚ ਸ਼ਾਮਲ ਹੋਏ ਲੋਕਾਂ ਦੀਆਂ ਨਜ਼ਰਾਂ ਲਾੜਾ-ਲਾੜੀ ਨੂੰ ਲੱਭ ਰਹੀਆਂ ਸਨ ਪਰ ਇਹ ਵਿਆਹ ਥੋੜਾ ਵੱਖਰਾ ਸੀ, ਇੱਥੇ ਇੱਕ ਲਾੜੇ ਦੇ ਰੂਪ ਵਿੱਚ ਸਿਰ 'ਤੇ ਸਾਫ਼ਾ ਬੰਨ ਕੇ ਤੇ ਨਵੇਂ ਕੱਪੜੇ ਪਾ ਕੇ ਵੱਛਾ ਬੈਠਾ ਸੀ ਤੇ ਦੂਜੇ ਪਾਸੇ ਇੱਕ ਦੁਲਹਨ ਦੇ ਰੂਪ ਵਿੱਚ ਸਿਰ ਉੱਤੇ ਚੁੰਨੀ ਬੰਨ੍ਹ ਕੇ ਅਤੇ ਨਵੇਂ ਕੱਪੜੇ ਪਾ ਕੇ ਗਾਂ ਦੀ ਵੱਛੀ ਖੜੀ ਸੀ।

ਮੰਦਰ ਵਿੱਚ ਹੋਇਆ ਵੱਛੇ ਤੇ ਵੱਛੀ ਦਾ ਵਿਆਹ
ਵੱਛੇ ਅਤੇ ਵੱਛੀ ਦੇ ਵਿਆਹ ਲਈ ਪਿੰਡ ਵਾਸੀਆਂ ਨੇ ਮੰਡਪ ਤਿਆਰ ਕੀਤਾ ਹੋਇਆ ਸੀ ਅਤੇ ਪੰਡਿਤ ਜਾਪ ਕਰ ਰਹੇ ਸਨ। ਮੰਡਪ ਦੇ ਚਾਰੇ ਪਾਸੇ ਲਾੜਾ-ਲਾੜੀ ਪੱਖ ਦੇ ਲੋਕ ਬੈਠੇ ਹਨ। ਵੱਛੇ ਅਤੇ ਵੱਛੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਹ ਵਿਆਹ ਸੂਰਤ ਸ਼ਹਿਰ ਤੋਂ ਦੂਰ ਕਾਮਰੇਜ ਇਲਾਕੇ ਦੇ ਲਾਡਵੀ ਪਿੰਡ ਦੀ ਇੱਕ ਗਊਸ਼ਾਲਾ ਵਿੱਚ ਹੋਇਆ, ਜਿੱਥੇ ਗਊਸ਼ਾਲਾ ਦੇ ਸੰਚਾਲਕ ਕੋਲ ਸੰਤ ਦੀ ਲਾੜੀ ਦੇ ਰੂਪ ਵਿੱਚ ਇੱਕ ਵੱਛੀ ਹੈ, ਜਦੋਂ ਕਿ ਜੈਅੰਤੀ ਭਾਈ ਕੋਲ ਲਾੜੇ ਦੇ ਰੂਪ ਵਿੱਚ ਇੱਕ ਵੱਛਾ ਹੈ। ਲਾੜੇ ਦੇ ਰੂਪ ਵਿੱਚ ਵੱਛੇ ਦਾ ਨਾਮ ਸ਼ੰਖੇਸ਼ਵਰ ਹੈ, ਜਦੋਂ ਕਿ ਲਾੜੀ ਦੇ ਰੂਪ ਵਿੱਚ ਵੱਛੀ ਦਾ ਨਾਮ ਚੰਦਰਮੌਲੀ ਹੈ।

ਮਕਰ ਸੰਕ੍ਰਾਂਤੀ 'ਤੇ ਗਊ ਦਾਨ ਦਾ ਮਹੱਤਵ
ਵੱਛੀ ਦੇ ਮਾਲਕ ਜੈਅੰਤੀ ਭਾਈ ਨੇ ਦੱਸਿਆ ਕਿ ਉਤਰਾਇਣ ਦਾ ਦਿਨ ਪਵਿੱਤਰ ਮੰਨਿਆ ਜਾਂਦਾ ਹੈ। ਮਕਰ ਸੰਕ੍ਰਾਂਤੀ 'ਤੇ ਗਊ ਦਾਨ ਦਾ ਬਹੁਤ ਮਹੱਤਵ ਹੈ। ਮਹਾਰਾਜ ਦੇ ਮਨ ਵਿੱਚ ਇਹ ਵਿਚਾਰ ਸੀ ਕਿ ਇਹ ਮਕਰ ਸੰਕ੍ਰਾਂਤੀ ਵਾਲੇ ਦਿਨ ਹੀ ਕੀਤਾ ਜਾਵੇ। ਇਸੇ ਲਈ ਇਹ ਸਮਾਗਮ ਕਰਵਾਇਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇੱਕ ਸਾਲ ਪਹਿਲਾਂ ਵੱਛੇ ਅਤੇ ਵੱਛੀ ਦਾ ਜਨਮ ਹੋਇਆ ਸੀ।