ਵਿਸ਼ਾਖਾਪਟਨਮ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਅੱਜ ਵਨਡੇ ਸੀਰੀਜ਼ ਦਾ ਆਖਰੀ ਮੈਚ ਖੇਡਿਆ ਜਾਣਾ ਹੈ। ਸੀਰੀਜ਼ ਦਾ ਆਖਰੀ ਮੈਚ ਵਿਸ਼ਾਖਾਪਟਨਮ 'ਚ ਖੇਡਿਆ ਜਾਣਾ ਹੈ। ਟੀਮ ਇੰਡੀਆ ਨੇ ਸੀਰੀਜ਼ ਡਿਸਾਈਡਰ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਭਾਰਤੀ ਟੀਮ 'ਚ 2 ਬਦਲਾਅ ਕੀਤੇ ਗਏ ਹਨ। ਜਸਪ੍ਰੀਤ ਭੁਮਰਾ ਨੇ ਫਿਟ ਹੋਕੇ ਇੱਕ ਵਾਰ ਫਿਰ ਤੋਂ ਟੀਮ 'ਚ ਵਾਪਸੀ ਕੀਤੀ ਹੈ। ਜਯੰਤ ਯਾਦਵ ਵੀ ਅੱਜ ਟੀਮ ਲਈ ਡੈਬਿਊ ਕਰਦੇ ਨਜਰ ਆਉਣਗੇ। 
  
 
ਟੀਮ ਇੰਡੀਆ ਨੇ ਟੈਸਟ ਸੀਰੀਜ਼ 'ਚ ਕਲੀਨ ਸਵੀਪ ਕਰਨ ਤੋਂ ਬਾਅਦ ਵਨਡੇ ਸੀਰੀਜ਼ 'ਚ ਵੀ ਜੇਤੂ ਆਗਾਜ਼ ਕੀਤਾ ਸੀ। ਧਰਮਸ਼ਾਲਾ 'ਚ ਖੇਡੇ ਗਏ ਪਹਿਲੇ ਵਨਡੇ 'ਚ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ ਨੇ ਅਗਲੇ 3 ਮੈਚਾਂ ਚੋਂ ਸਿਰਫ 1 'ਚ ਹੀ ਜਿੱਤ ਦਾ ਸਵਾਦ ਚਖਿਆ। 
  
 
ਵਿਸ਼ਾਖਾਪਟਨਮ 'ਚ ਜਿੱਤ ਦਰਜ ਕਰ ਇੱਕ ਪਾਸੇ ਟੀਮ ਇੰਡੀਆ ਸੀਰੀਜ਼ 'ਤੇ ਕਬਜਾ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਦੂਜੇ ਪਾਸੇ ਭਾਰਤੀ ਕ੍ਰਿਕਟ ਫੈਨਸ ਨੂੰ ਦੀਵਾਲੀ ਮੌਕੇ ਜਿੱਤ ਦਾ ਤੋਹਫਾ ਦੇਣ ਦੀ ਵੀ ਕੋਸ਼ਿਸ਼ ਕਰੇਗੀ। ਟੀਮ ਇੰਡੀਆ ਨੇ ਵਿਸ਼ਾਖਾਪਟਨਮ ਦੇ ਮੈਦਾਨ 'ਤੇ 6 ਵਨਡੇ ਮੈਚ ਖੇਡੇ ਹਨ। ਟੀਮ ਨੂੰ 4 ਮੈਚਾਂ 'ਚ ਜਿੱਤ ਅਤੇ 1 ਮੈਚ 'ਚ ਹਾਰ ਨਸੀਬ ਹੋਈ ਸੀ ਜਦਕਿ 1 ਮੈਚ ਰੱਦ ਹੋ ਗਿਆ ਸੀ। 
  
 
ਟੀਮ ਇੰਡੀਆ ਲਈ ਸੀਰੀਜ਼ 'ਚ ਰੋਹਿਤ ਸ਼ਰਮਾ ਦਾ ਬੱਲਾ ਖਾਮੋਸ਼ ਰਿਹਾ ਹੈ ਅਤੇ ਅੱਜ ਰੋਹਿਤ ਸ਼ਰਮਾ ਕੁਝ ਕਮਾਲ ਕਰਨ ਦੀ ਕੋਸ਼ਿਸ਼ ਜਰੂਰ ਕਰਨਗੇ। ਭਾਰਤ ਦੇ ਮਿਡਲ ਆਰਡਰ ਦਾ ਵੀ ਅੱਜ ਟੈਸਟ ਹੋਵੇਗਾ ਅਤੇ ਅੱਜ ਦਾ ਦਿਨ ਕਮਾਲ ਕਰ ਟੀਮ ਇੰਡੀਆ ਦੇ ਹੁਣ ਤਕ ਫਲਾਪ ਰਹੇ ਖਿਡਾਰੀ ਆਉਣ ਵਾਲਿਆਂ ਸੀਰੀਜ਼ ਲਈ ਦਾਵੇਦਾਰੀ ਪੇਸ਼ ਕਰਨ ਦੀ ਕੋਸ਼ਿਸ਼ ਜਰੂਰ ਕਰਨਗੇ।