Vinesh Phogat: ਪੈਰਿਸ ਓਲੰਪਿਕ 2024 ਭਾਵੇਂ ਖਤਮ ਹੋ ਗਿਆ ਹੋਵੇ ਪਰ ਪਹਿਲਵਾਨ ਵਿਨੇਸ਼ ਫੋਗਾਟ ਦਾ ਮੁੱਦਾ ਅਜੇ ਵੀ ਗਰਮਾਇਆ ਹੋਇਆ ਹੈ। ਪੈਰਿਸ ਓਲੰਪਿਕ 2024 'ਚ ਤਮਗਾ ਜਿੱਤਣ ਦੀ ਦਾਅਵੇਦਾਰ ਵਿਨੇਸ਼ ਫੋਗਾਟ ਨੂੰ ਫਾਈਨਲ ਮੈਚ ਤੋਂ ਪਹਿਲਾਂ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਵਿਨੇਸ਼ ਨੇ ਮਹਿਲਾ ਕੁਸ਼ਤੀ ਦੇ 50 ਕਿਲੋ ਵਰਗ ਵਿੱਚ ਹਿੱਸਾ ਲਿਆ ਸੀ ਪਰ ਫਾਈਨਲ ਤੋਂ ਪਹਿਲਾਂ ਉਸ ਦਾ ਭਾਰ 100 ਗ੍ਰਾਮ ਵਧ ਪਾਇਆ ਗਿਆ। ਇਸ ਤੋਂ ਬਾਅਦ ਮੈਡੀਕਲ ਟੀਮ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ ਪਰ ਹੁਣ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੇ ਇਸ ਮੁੱਦੇ 'ਤੇ ਵੱਡਾ ਬਿਆਨ ਦਿੱਤਾ ਹੈ।


ਫੋਗਾਟ ਦੇ ਭਾਰ ਵਧਣ ਪਿੱਛੇ ਕੌਣ?
ਵਿਨੇਸ਼ ਫੋਗਾਟ ਦੀ ਅਯੋਗਤਾ ਤੋਂ ਬਾਅਦ, ਇੱਕ ਵਰਗ ਆਈਓਏ ਦੀ ਮੈਡੀਕਲ ਟੀਮ, ਖਾਸ ਤੌਰ 'ਤੇ ਡਾਕਟਰ ਦਿਨਸ਼ਾ ਪਾਰਦੀਵਾਲਾ ਤੇ ਉਨ੍ਹਾਂ ਦੀ ਟੀਮ ਨੂੰ ਨਿਸ਼ਾਨਾ ਬਣਾ ਰਿਹਾ ਹੈ। ਲੋਕ ਉਨ੍ਹਾਂ 'ਤੇ ਲਾਪ੍ਰਵਾਹੀ ਦਾ ਦੋਸ਼ ਲਾ ਰਹੇ ਹਨ ਪਰ ਪੀਟੀ ਊਸ਼ਾ ਦਾ ਸਾਫ਼ ਕਹਿਣਾ ਹੈ ਕਿ ਮੈਡੀਕਲ ਟੀਮ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ। 



ਪੀਟੀ ਊਸ਼ਾ ਨੇ ਕਿਹਾ, 'ਕੁਸ਼ਤੀ, ਵੇਟਲਿਫਟਿੰਗ, ਬਾਕਸਿੰਗ, ਜੂਡੋ ਵਰਗੀਆਂ ਖੇਡਾਂ ਵਿੱਚ ਐਥਲੀਟਾਂ ਦੇ ਭਾਰ ਪ੍ਰਬੰਧਨ ਦੀ ਜ਼ਿੰਮੇਵਾਰੀ ਹਰੇਕ ਐਥਲੀਟ ਤੇ ਉਸ ਦੇ ਕੋਚ ਦੀ ਹੁੰਦੀ ਹੈ, ਨਾ ਕਿ ਆਈਓਏ ਦੇ ਚੀਫ ਮੈਡੀਕਲ ਅਫਸਰ ਡਾ. ਦਿਨਸ਼ਾ ਪਾਰਦੀਵਾਲਾ ਤੇ ਉਨ੍ਹਾਂ ਦੀ ਟੀਮ ਦੀ। ਆਈਓਏ ਦੀ ਮੈਡੀਕਲ ਟੀਮ ਖਾਸ ਕਰਕੇ ਡਾ. ਪਾਰਦੀਵਾਲਾ, ਪ੍ਰਤੀ ਨਫ਼ਰਤ ਅਸਵੀਕਾਰਨਯੋਗ ਹੈ। ਕਿਸੇ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਸਾਰੇ ਤੱਥਾਂ 'ਤੇ ਵਿਚਾਰ ਕਰਾਂਗੇ।


ਪੀਟੀ ਊਸ਼ਾ ਨੇ ਅੱਗੇ ਕਿਹਾ, ‘ਆਈਓਏ ਦੁਆਰਾ ਨਿਯੁਕਤ ਮੁੱਖ ਮੈਡੀਕਲ ਅਫਸਰ, ਡਾ. ਦਿਨਸ਼ਾ ਪਾਰਦੀਵਾਲਾ ਤੇ ਉਨ੍ਹਾਂ ਦੀ ਟੀਮ ਨੂੰ ਖੇਡਾਂ ਤੋਂ ਕੁਝ ਮਹੀਨੇ ਪਹਿਲਾਂ ਬੋਰਡ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਦਾ ਕੰਮ ਇਵੈਂਟ ਦੌਰਾਨ ਤੇ ਬਾਅਦ ਵਿੱਚ ਰਿਕਵਰੀ ਤੇ ਸੱਟ ਪ੍ਰਬੰਧਨ ਵਿੱਚ ਐਥਲੀਟਾਂ ਦੀ ਸਹਾਇਤਾ ਕਰਨਾ ਸੀ। 



ਇਸ ਤੋਂ ਇਲਾਵਾ, IOA ਮੈਡੀਕਲ ਟੀਮ ਨੂੰ ਉਨ੍ਹਾਂ ਅਥਲੀਟਾਂ ਦਾ ਸਪੋਰਟ ਕਰਨ ਲਈ ਤਿਆਰ ਕੀਤਾ ਗਿਆ ਸੀ ਜਿਨ੍ਹਾਂ ਕੋਲ ਪੋਸ਼ਣ ਵਿਗਿਆਨੀਆਂ ਤੇ ਫਿਜ਼ੀਓਥੈਰੇਪਿਸਟਾਂ ਦੀ ਆਪਣੀ ਟੀਮ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪੈਰਿਸ ਓਲੰਪਿਕ ਵਿੱਚ ਹਰ ਭਾਰਤੀ ਅਥਲੀਟ ਕੋਲ ਅਜਿਹੀਆਂ ਖੇਡਾਂ ਵਿੱਚ ਆਪਣੀ ਸਪੋਰਟ ਟੀਮ ਸੀ। ਇਹ ਟੀਮਾਂ ਕਈ ਸਾਲਾਂ ਤੋਂ ਅਥਲੀਟਾਂ ਨਾਲ ਕੰਮ ਕਰ ਰਹੀਆਂ ਹਨ।


ਮੈਡਲ ਬਾਰੇ ਫੈਸਲਾ 13 ਅਗਸਤ ਨੂੰ ਹੋਵੇਗਾ
ਵਿਨੇਸ਼ ਨੇ ਖੇਡਾਂ ਦੀ ਸਰਵਉੱਚ ਅਦਾਲਤ ਕੋਰਟ ਆਫ਼ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਵਿੱਚ ਆਪਣੀ ਅਯੋਗਤਾ ਖ਼ਿਲਾਫ਼ ਅਪੀਲ ਕੀਤੀ ਹੈ। ਫੋਗਾਟ ਨੇ ਪਹਿਲਾਂ ਫਾਈਨਲ ਮੈਚ ਖੇਡਣ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਦੀ ਅਪੀਲ 'ਤੇ ਸੀਏਐਸ ਨੇ ਕਿਹਾ ਕਿ ਮੈਚ ਨਹੀਂ ਰੋਕ ਸਕਦੇ, ਜਿਸ ਤੋਂ ਬਾਅਦ ਫੋਗਾਟ ਨੇ ਸਾਂਝੇ ਚਾਂਦੀ ਦੇ ਤਗਮੇ ਦੀ ਮੰਗ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ ਤੇ 13 ਅਗਸਤ ਦੀ ਸ਼ਾਮ ਤੱਕ ਇਸ ਮਾਮਲੇ 'ਤੇ ਫੈਸਲਾ ਆ ਸਕਦਾ ਹੈ।