ਰਾਜਕੋਟ - ਇੰਗਲੈਂਡ ਖਿਲਾਫ ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਦਿਆਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਹਿਟ ਵਿਕਟ ਹੋਕੇ ਆਪਣਾ ਵਿਕਟ ਗਵਾ ਬੈਠੇ। ਵਿਰਾਟ ਕੋਹਲੀ ਇਸ ਅੰਦਾਜ਼ 'ਚ ਆਊਟ ਹੋਏ ਜਿਵੇਂ ਆਮ ਤੌਰ 'ਤੇ ਕਿਸੇ ਨੂੰ ਆਊਟ ਹੁੰਦੇ ਨਹੀਂ ਵੇਖਿਆ ਜਾਂਦਾ। ਲੈਗ ਸਪਿਨਰ ਆਦਿਲ ਰਾਸ਼ਿਦ ਦੀ ਗੇਂਦ 'ਤੇ ਵਿਰਾਟ ਹਿਟ ਵਿਕਟ ਹੋਏ। 

  

 

ਵਿਰਾਟ ਕੋਹਲੀ ਨੇ ਟੀਮ ਇੰਡੀਆ ਨੂੰ ਮੈਚ ਦੇ ਚੌਥੇ ਦਿਨ ਚੰਗੀ ਸ਼ੁਰੂਆਤ ਦਿੱਤੀ। ਵਿਰਾਟ ਨੇ ਸੰਭਲ ਕੇ ਖੇਡਦੇ ਹੋਏ 40 ਰਨ ਬਣਾ ਲਏ ਸਨ। ਪਰ ਫਿਰ ਵਿਰਾਟ ਕੋਹਲੀ ਆਦਿਲ ਰਾਸ਼ਿਦ ਦੀ ਇੱਕ ਸ਼ਾਰਟ ਗੇਂਦ ਨੂੰ ਖੇਡਣ ਲਈ ਕਰੀਜ਼ ਦੇ ਕਾਫੀ ਅੰਦਰ ਚਲੇ ਗਏ। ਵਿਰਾਟ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਉਨ੍ਹਾਂ ਦਾ ਪੈਰ ਵਿਕਟ ਨਾਲ ਜਾ ਟਕਰਾਇਆ ਹੈ। ਇੰਗਲੈਂਡ ਖਿਲਾਫ ਵਿਰਾਟ ਕੋਹਲੀ ਦਾ ਰਿਕਾਰਡ ਬਹੁਤਾ ਚੰਗਾ ਨਹੀਂ ਹੈ। ਪਰ ਪਾਰੀ ਦੀ ਸ਼ੁਰੂਆਤ ਠੀਕ ਅੰਦਾਜ਼ 'ਚ ਕਰ ਚੁੱਕੇ ਵਿਰਾਟ ਇਸ ਤਰ੍ਹਾ ਆਪਣਾ ਵਿਕਟ ਗਵਾ ਕੇ ਹੈਰਾਨ ਸਨ। ਜਦ ਵਿਰਾਟ ਕੋਹਲੀ ਦਾ ਵਿਕਟ ਡਿੱਗਾ ਤਾਂ ਟੀਮ ਇੰਡੀਆ ਨੇ 361 ਰਨ 'ਤੇ 6 ਵਿਕਟ ਗਵਾ ਦਿੱਤੇ ਸਨ। 

  

 

ਕੁਲ 2233 ਟੈਸਟ ਮੈਚਾਂ 'ਚ ਵਿਰਾਟ ਕੋਹਲੀ 22ਵੇਂ ਭਾਰਤੀ ਬੱਲੇਬਾਜ ਹਨ ਜੋ ਹਿਟ ਵਿਕਟ ਹੋਕੇ ਆਊਟ ਹੋਏ ਹਨ। ਟੈਸਟ ਮੈਚਾਂ 'ਚ 14 ਸਾਲ ਬਾਅਦ ਟੀਮ ਇੰਡੀਆ ਨੇ ਹਿਟ ਵਿਕਟ ਨਾਲ ਆਪਣਾ ਕੋਈ ਵਿਕਟ ਗਵਾਇਆ ਹੈ। ਇਸਤੋਂ ਪਹਿਲਾਂ 14 ਸਾਲ ਪਹਿਲਾਂ 2002 'ਚ ਵੀ.ਵੀ.ਐਸ. ਲਕਸ਼ਮਨ ਵੀ ਐਂਟੀਗੁਆ ਟੈਸਟ 'ਚ ਵੈਸਟ ਇੰਡੀਜ਼ ਖਿਲਾਫ ਹਿਟ ਵਿਕਟ ਹੋਕੇ ਆਊਟ ਹੋਏ ਸਨ। 

  

 

ਕਪਤਾਨਾਂ ਦੀ ਗਲ ਕੀਤੀ ਜਾਵੇ ਤਾਂ ਵਿਰਾਟ ਸਾਲ 1949 'ਚ ਲਾਲਾ ਅਮਰਨਾਥ ਤੋਂ ਬਾਅਦ ਹਿਟ ਵਿਕਟ ਹੋਕੇ ਆਊਟ ਹੋਣ ਵਾਲੇ ਟੀਮ ਇੰਡੀਆ ਦੇ ਪਹਿਲੇ ਕਪਤਾਨ ਬਣ ਗਏ ਹਨ। ਟੀਮ ਇੰਡੀਆ ਲਈ ਸਭ ਤੋਂ ਵਧ ਵਾਰ ਹਿਟ ਵਿਕਟ ਹੋਕੇ ਆਊਟ ਹੋਣ ਵਾਲੇ ਖਿਡਾਰੀ ਸਨ ਮੋਹਿੰਦਰ ਅਮਰਨਾਥ। ਆਪਣੇ ਕਰੀਅਰ ਦੌਰਾਨ ਮੋਹਿੰਦਰ ਅਮਰਨਾਥ ਕੁਲ 3 ਵਾਰ ਹਿਟ ਵਿਕਟ ਹੋਏ ਸਨ।