ਪਰਥ: ਆਸਟ੍ਰੇਲੀਆ ਨਾਲ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਖ਼ਤਮ ਹੋ ਗਈ ਹੈ ਅਤੇ ਮਹਿਮਾਨ ਟੀਮ ਨੇ ਛੇ ਵਿਕਟਾਂ ਦੇ ਨੁਕਸਾਨ 'ਤੇ 277 ਦੌੜਾਂ ਬਣਾ ਲਈਆਂ ਹਨ। ਅੱਜ ਦੇ ਮੈਚ ਦੌਰਾਨ ਪਹਿਲਾਂ ਆਸਟ੍ਰੇਲੀਆਈ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਸੀ, ਪਰ ਖੇਡ ਖ਼ਤਮ ਹੋਣ ਤਕ ਭਾਰਤ ਨੇ ਮੈਚ ਵਿੱਚ ਵਾਪਸੀ ਕਰ ਲਈ। ਅੱਜ ਦਾ ਦਿਨ ਕਪਤਾਨ ਕੋਹਲੀ ਦੀ ਸ਼ਾਨਦਾਰ ਫੀਲਡਿੰਗ ਕਰਕੇ ਵੀ ਜਾਣਿਆ ਗਿਆ।


ਦਰਅਸਲ, ਮੈਚ ਦਾ 55ਵਾਂ ਓਵਰ ਜਾਰੀ ਸੀ ਅਤੇ ਭਾਰਤੀ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਆਸਟ੍ਰੇਲੀਆ ਵੱਲੋਂ ਬੱਲੇਬਾਜ਼ੀ ਕਰਨ ਆਏ ਪੀਟਰ ਹੈਂਡਜ਼ਕੌਂਬ ਨੂੰ ਸ਼ੌਰਟ ਗੇਂਦ ਸੁੱਟੀ। ਬੱਲੇਬਾਜ਼ ਨੇ ਇਸ ਨੂੰ ਕੱਟ ਸ਼ੌਟ ਮਾਰਦਿਆਂ ਸਲਿੱਪ ਦੇ ਉੱਪਰੋਂ ਲੰਘਾਉਣ ਦੀ ਕੋਸ਼ਿਸ਼ ਕੀਤੀ। ਪਰ ਸਲਿੱਪ 'ਤੇ ਖੜ੍ਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਖੱਬੇ ਹੱਥ ਅਜਿਹੀ ਛਾਲ ਮਾਰੀ ਕਿ ਹਵਾ ਵਿੱਚ ਉੱਡਦੀ ਗੇਂਦ ਜਿਵੇਂ ਉਸ ਦੇ ਹੱਥ ਨਾਲ ਹੀ ਚਿਪਕ ਗਈ ਹੋਵੇ।


ਕੋਹਲੀ ਦੇ ਇਸ ਕਰਿਸ਼ਮੇ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ ਅਤੇ ਇਸ ਵੀਡੀਓ ਨੂੰ ਆਸਟ੍ਰੇਲੀਆਈ ਚੈਨਲ ਨੇ ਟਵੀਟ ਕੀਤਾ। ਫਿਰ ਇਹ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ। ਅੱਜ ਦੀ ਖੇਡ ਖ਼ਤਮ ਹੋਣ ਤਕ ਮਹਿਮਾਨ ਟੀਮ ਦੇ ਕਪਤਾਨ ਟਿਮ ਪੇਨ (16) ਅਤੇ ਪੈਟ ਕਮਿੰਸ (11) ਕ੍ਰੀਜ਼ 'ਤੇ ਡਟੇ ਹੋਏ ਸਨ। ਭਾਰਤੀ ਗੇਂਦਬਾਜ਼ਾਂ ਨੇ ਹਨੁਮਾ ਵਿਹਾਰੀ ਨੇ ਆਪਣੀ ਫਿਰਕੀ ਗੇਂਦਬਾਜ਼ੀ ਦੇ ਸਹਾਰੇ ਦੋ ਵਿਕਟਾਂ ਹਾਸਲ ਕੀਤੀਆਂ। ਇਸ਼ਾਂਤ ਸ਼ਰਮਾ ਨੇ ਵੀ ਆਸਟ੍ਰੇਲੀਆ ਦੇ ਦੋ ਖਿਡਾਰੀ ਪੈਵੇਲੀਅਨ ਪਹੁੰਚਾਏ, ਜਦਕਿ ਜਸਪ੍ਰੀਤ ਬੁਮਰਾਹ ਤੇ ਉਮੇਸ਼ ਯਾਦਵ ਨੇ 1-1 ਵਿਕਟ ਹਾਸਲ ਕੀਤੀ। ਭਾਰਤ ਪਹਿਲਾ ਮੈਚ ਜਿੱਤ ਕੇ ਲੜੀ ਵਿੱਚ ਅੱਗੇ ਚੱਲ ਰਿਹਾ ਹੈ।