ਕੋਲਕਾਤਾ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਈ ਵਾਰ ਕਿਹਾ ਹੈ ਕਿ ਊਹ ਖ਼ੁਸ਼ਕਿਸਮਤ ਹਨ ਕਿ ਮਹਿੰਦਰ ਸਿੰਘ ਧੋਨੀ ਉਨ੍ਹਾਂ ਨਾਲ ਹਨ। ਧੋਨੀ ਦੇ ਬਚਪਨ ਦੇ ਕੋਚ ਕੇਸ਼ਵ ਬੈਨਰਜੀ ਨੇ ਕੋਹਲੀ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਧੋਨੀ, ਕੋਹਲੀ ਲਈ ਸਭ ਤੋਂ ਸਹੀ ਰਾਹ ਦਸੇਰਾ ਹੈ। ਮਹੇਂਦਰ ਸਿੰਘ ਧੋਨੀ, ਕ੍ਰਿਕੇਟ ਅਕਾਦਮੀ ਦੇ ਲਾਂਚ ਮੌਕੇ ਕੇਸ਼ਵ ਨੇ ਕਿਹਾ ਕਿ ਧੋਨੀ ਦੇ ਰਣਨੀਤਿਕ ਕੌਸ਼ਲ ਦਾ ਕੋਈ ਸਾਨੀ ਨਹੀਂ। ਇਸਲਈ ਜਦੋਂ ਮੈਚ ਨੂੰ ਪੜ੍ਹਨ ਤੇ ਰਣਨੀਤੀ ਘੜਨ ਦੀ ਗੱਲ ਆਉਂਦੀ ਹੈ ਤਾਂ ਇਸ ਸਥਿਤੀ ਵਿੱਚ ਧੋਨੀ ਹੀ ਕੋਹਲੀ ਦਾ ਮਾਰਗ-ਦਰਸ਼ਕ ਹੈ।

ਕੇਸ਼ਵ ਨੇ ਕਿਹਾ ਕਿ ਮੈਚ ਨੂੰ ਪੜ੍ਹਨ ਤੇ ਰਣਨੀਤੀ ਘੜਨ ਵਿੱਚ ਧੋਨੀ ਵਰਗਾ ਕੋਈ ਨਹੀਂ। ਉਨ੍ਹਾਂ ਕਿਹਾ ਕਿ ਇਹ ਹੁਨਰ ਕੋਹਲੀ ਕੋਲ ਵੀ ਨਹੀਂ ਹੈ। ਇਸ ਲਈ ਕੋਹਲੀ ਨੂੰ ਜਦੋਂ ਵੀ ਸਲਾਹ ਦੀ ਲੋੜ ਪੈਂਦੀ ਹੈ, ਉਹ ਧੋਨੀ ਕੋਲ ਆਉਂਦਾ ਹੈ। ਜੇ ਧੋਨੀ ਭਾਰਤੀ ਟੀਮ ਦਾ ਹਿੱਸਾ ਨਾ ਹੁੰਦਾ ਤਾਂ ਕੋਹਲੀ ਦੀ ਮਦਦ ਕਰਨ ਲਈ ਕੋਈ ਨਾ ਹੁੰਦਾ।

ਕੌਮੀ ਟੀਮ ਵਿੱਚ ਧੋਨੀ ਦੇ ਬੱਲੇਬਾਜ਼ੀ ਕ੍ਰਮ ਸਬੰਧੀ ਕਾਫੀ ਬਹਿਸ ਹੁੰਦੀ ਰਹਿੰਦੀ ਹੈ ਕਿਉਂਕਿ ਹੁਣ ਧੋਨੀ ਪਹਿਲਾਂ ਵਾਂਗ ਬਤੌਰ ਫਿਨਿਸ਼ਰ ਸਫਲ ਨਹੀਂ ਹੋ ਪਾ ਰਿਹਾ। ਕੇਸ਼ਵ ਨੂੰ ਲੱਗਦਾ ਹੈ ਕਿ ਧੋਨੀ ਨੂੰ ਨੰਬਰ 4 'ਤੇ ਆਉਣਾ ਚਾਹੀਦਾ ਹੈ।

ਕਈ ਕ੍ਰਿਕੇਟ ਮਾਹਰਾਂ ਦਾ ਕਹਿਣਾ ਹੈ ਕਿ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਨੂੰ ਵਿਸ਼ਵ ਕੱਪ ਵਿੱਚ ਮੌਕਾ ਦੇਣਾ ਚਾਹੀਦਾ ਸੀ ਪਰ ਇਸ ਮਾਮਲੇ ਵਿੱਚ ਕੇਸ਼ਵ ਦੀ ਰਾਏ ਵੱਖਰੀ ਹੈ। ਉਨ੍ਹਾਂ ਕਿਹਾ ਕਿ ਹਾਲੇ ਪੰਤ ਨੂੰ ਮੌਕਾ ਦੇਣਾ ਜਲਦਬਾਜ਼ੀ ਹੋਏਗਾ। ਭਾਰਤ ਕੋਲ ਚੰਗੀ ਬਾਂਚ ਸਟ੍ਰੈਂਥ ਹੈ। ਪੰਤ ਨੂੰ ਵਿਸ਼ਵ ਕੱਪ ਲਈ ਬਾਅਦ 'ਚ ਵੀ ਮੌਕਾ ਮਿਲ ਸਕਦਾ ਹੈ।