ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਇੱਕ ਬਿਆਨ ਲਈ ਟਵਿੱਟਰ 'ਤੇ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਦਰਅਸਲ, ਵਿਰਾਟ ਕੋਹਲੀ ਨੇ ਹਾਲ ਹੀ ਵਿੱਚ ਆਪਣੀ ਖੁਰਾਕ ਬਾਰੇ ਦੱਸਿਆ ਸੀ। ਉਨ੍ਹਾਂ ਇੰਸਟਾਗ੍ਰਾਮ 'ਤੇ ਪ੍ਰਸ਼ਨ-ਉੱਤਰ ਸੈਸ਼ਨ ਰੱਖਿਆ ਸੀ, ਜਿਸ 'ਚ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਤੋਂ ਖੁਰਾਕ ਬਾਰੇ ਪੁੱਛਿਆ। ਕੋਹਲੀ ਨੇ ਇਸ ਵਿੱਚ ਮੰਨਿਆ ਕਿ ਉਹ ਅੰਡੇ ਖਾਂਦਾ ਹੈ। ਦਰਅਸਲ, ਪਹਿਲਾਂ ਕੋਹਲੀ ਦਾਅਵਾ ਕਰ ਚੁੱਕੇ ਹਨ ਕਿ ਉਹ ਵੈਜ ਹੈ।
ਕੋਹਲੀ ਨੇ ਜਵਾਬ ਵਿੱਚ ਕਿਹਾ ਸੀ ਬਹੁਤ ਸਾਰੀਆਂ ਸਬਜ਼ੀਆਂ, ਕੁਝ ਅੰਡੇ, 2 ਕੱਪ ਕੌਫੀ, ਦਾਲ, ਕੁਇਨੋਆ, ਬਹੁਤ ਸਾਰਾ ਪਾਲਕ, ਡੋਸਾ, ਪਰ ਇਹ ਥੋੜ੍ਹੀ ਮਾਤਰਾ ਵਿੱਚ।" ਕੋਹਲੀ ਦੇ ਇਸ ਜਵਾਬ 'ਤੇ ਪ੍ਰਸ਼ੰਸਕਾਂ ਨੇ ਟਵਿੱਟਰ 'ਤੇ ਜੰਮ ਕੇ ਨਿਸ਼ਾਨਾ ਬਣਾਇਆ।
ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਵਿਰਾਟ ਕੋਹਲੀ ਇੱਕ ਅੰਡੇ ਖਾਣ ਵਾਲੇ ਸ਼ਾਕਾਹਾਰੀ ਹਨ। ਕਈਆਂ ਨੇ ਇਹ ਸਵਾਲ ਖੜ੍ਹੇ ਕੀਤੇ ਕਿ ਜੇਕਰ ਭਾਰਤੀ ਕਪਤਾਨ ਅੰਡੇ ਖਾਂਦਾ ਹੈ ਤਾਂ ਆਪਣੇ ਆਪ ਨੂੰ ਸ਼ਾਕਾਹਾਰੀ ਕਿਉਂ ਕਹਿੰਦਾ ਹੈ।
ਇੱਕ ਯੂਜਰ ਨੇ ਲਿਖਿਆ ਕਿ ਕੋਹਲੀ ਦਾ ਦਾਅਵਾ ਹੈ ਕਿ ਉਹ ਸ਼ਾਕਾਹਾਰੀ ਹੈ, ਪਰ ਆਪਣੀ ਤਾਜ਼ਾ ਏਐਮਏ (ਆਸਕ ਮੀ ਐਨੀਥਿੰਗ) ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਖੁਰਾਕ ਵਿੱਚ ਅੰਡੇ ਸ਼ਾਮਲ ਹਨ। ਇਹ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ।
ਦੱਸ ਦਈਏ ਕਿ ਕੋਹਲੀ ਨੇ ਕਈ ਵਾਰ ਕਿਹਾ ਹੈ ਕਿ ਉਹ ਬਹੁਤ ਵੱਡੇ ਫੂਡੀ ਹੈ ਪਰ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਉਸ ਨੇ ਆਪਣੀ ਖਾਣ ਪੀਣ ਦੀਆਂ ਆਦਤਾਂ ਬਦਲ ਦਿੱਤੀਆਂ। ਸਾਲ 2019 ਵਿਚ ਕੋਹਲੀ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਸ਼ਾਕਾਹਾਰੀ ਬਣ ਗਏ ਹਨ। 2018 ਤੋਂ ਉਸ ਨੇ ਪੂਰੀ ਤਰ੍ਹਾਂ ਮੀਟ, ਦੁੱਧ ਅਤੇ ਅੰਡੇ ਛੱਡ ਦਿੱਤੇ ਹਨ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨਾਨ-ਸ਼ਾਕਾਹਾਰੀ ਛੱਡਣ ਤੇ ਇੱਕ ਸ਼ਾਕਾਹਾਰੀ ਖੁਰਾਕ ਖਾਣ ਦਾ ਫੈਸਲਾ ਕੀਤਾ ਹੈ।