ਸ਼ਾਰਜਾਹ - ਪਾਕਿਸਤਾਨੀ ਕ੍ਰਿਕਟ ਟੀਮ ਨੂੰ ਵੈਸਟ ਇੰਡੀਜ਼ ਦੀ ਟੀਮ ਨੇ ਰੋਮਾਂਚ ਨਾਲ ਭਰਪੂਰ ਮੈਚ 'ਚ 5 ਵਿਕਟਾਂ ਨਾਲ ਮਾਤ ਦੇ ਦਿੱਤੀ। ਪਾਕਿਸਤਾਨੀ ਟੀਮ ਨੇ ਇਸ ਹਾਰ ਦੇ ਬਾਵਜੂਦ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ। ਵੈਸਟ ਇੰਡੀਜ਼ ਦੇ ਸਲਾਮੀ ਬੱਲੇਬਾਜ ਕਰੈਗ ਬਰੈਥਵੇਟ ਟੀਮ ਦੀ ਜਿੱਤ ਦੇ ਹੀਰੋ ਰਹੇ। 

  

 

153 ਰਨ ਦਾ ਟੀਚਾ 

 

ਪਾਕਿਸਤਾਨੀ ਟੀਮ ਨੇ ਮੈਚ ਦੀ ਪਹਿਲੀ ਪਾਰੀ 'ਚ 281 ਰਨ ਦਾ ਸਕੋਰ ਖੜਾ ਕੀਤਾ। ਜਵਾਬ 'ਚ ਵੈਸਟ ਇੰਡੀਜ਼ ਦੀ ਟੀਮ ਨੇ ਪਹਿਲੀ ਪਾਰੀ 'ਚ 337 ਰਨ ਬਣਾਏ। ਪਾਕਿਸਤਾਨ ਦੀ ਟੀਮ ਦੂਜੀ ਪਾਰੀ 'ਚ 208 ਰਨ 'ਤੇ ਆਲ ਆਊਟ ਹੋ ਗਈ। ਵੈਸਟ ਇੰਡੀਜ਼ ਦੀ ਟੀਮ ਨੂੰ ਜਿੱਤ ਲਈ 153 ਰਨ ਦਾ ਟੀਚਾ ਮਿਲਿਆ। ਵੈਸਟ ਇੰਡੀਜ਼ ਦੀ ਟੀਮ ਨੇ ਛੋਟੇ ਸਕੋਰ ਦਾ ਪਿੱਛਾ ਕਰਦਿਆਂ 67 ਰਨ ਤਕ ਪਹੁੰਚੇ ਹੋਏ 5 ਵਿਕਟ ਗਵਾ ਦਿੱਤੇ ਸਨ। ਪਰ ਦੂਜੇ ਪਾਸੇ ਬਰੈਥਵੇਟ ਮਜਬੂਤੀ ਨਾਲ ਆਪਣਾ ਵਿਕਟ ਬਚਾ ਕੇ ਮੈਦਾਨ 'ਤੇ ਟਿਕੇ ਹੋਏ ਸਨ। ਬਰੈਥਵੇਟ ਨੇ 6ਵੇਂ ਵਿਕਟ ਲਈ ਡਾਵਰਿਚ ਨਾਲ ਮਿਲਕੇ 84 ਰਨ ਦੀ ਪਾਰਟਨਰਸ਼ਿਪ ਕੀਤੀ ਅਤੇ ਟੀਮ ਨੂੰ ਜਿੱਤ ਦੇ ਪਾਰ ਪਹੁੰਚਾਇਆ। 

  

 

ਬਰੈਥਵੇਟ-ਡਾਵਰਿਚ ਦਾ ਕਮਾਲ 

 

ਕਰੈਗ ਬਰੈਥਵੇਟ ਨੇ ਪਾਰੀ ਦੀ ਸ਼ੁਰੂਆਤ ਕਰਦਿਆਂ ਆਪਣਾ ਵਿਕਟ ਵੀ ਬਚਾ ਕੇ ਰਖਿਆ ਅਤੇ ਸਕੋਰਿੰਗ ਦਾ ਸਿਲਸਿਲਾ ਵੀ ਰੁਕਣ ਨਹੀਂ ਦਿੱਤਾ। ਬਰੈਥਵੇਟ ਨੇ 109 ਗੇਂਦਾਂ 'ਤੇ 60 ਰਨ ਦੀ ਨਾਬਾਦ ਪਾਰੀ ਖੇਡੀ। ਬਰੈਥਵੇਟ ਦੀ ਪਾਰੀ 'ਚ 6 ਚੌਕੇ ਸ਼ਾਮਿਲ ਸਨ। ਡਾਵਰਿਚ ਨੇ 87 ਗੇਂਦਾਂ 'ਤੇ 60 ਰਨ ਦੀ ਨਾਬਾਦ ਪਾਰੀ ਖੇਡੀ ਅਤੇ ਪਾਕਿਸਤਾਨੀ ਗੇਂਦਬਾਜ਼ਾਂ ਖਿਲਾਫ 7 ਚੌਕੇ ਅਤੇ 1 ਛੱਕਾ ਜੜਿਆ।