ਨਵੀਂ ਦਿੱਲੀ: ਭਾਰਤ-ਆਸਟ੍ਰੇਲੀਆ ਸੀਰੀਜ਼ ਦੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁਝ ਵਧੀਆ ਅਰਧ-ਸੈਂਕੜੇ ਲਾਏ ਪਰ ਫ਼ੀਲਡਿੰਗ ਦੇ ਹਿਸਾਬ ਨਾਲ ਇਹ ਸੀਰੀਜ਼ ਉਨ੍ਹਾਂ ਲਈ ਯਾਦਗਾਰੀ ਨਹੀਂ ਆਖੀ ਜਾ ਸਕਦੀ। ਕੋਹਲੀ ਦੁਨੀਆ ਦੇ ਸਰਬੋਤਮ ਫ਼ੀਲਡਰਜ਼ ਵਿੱਚੋਂ ਇੱਕ ਮੰਨੇ ਜਾਂਦੇ ਹਨ ਪਰ ਪਿਛਲੇ ਕੁਝ ਮੈਚਾਂ ਵਿੱਚ ਉਨ੍ਹਾਂ ਬੈਕ-ਟੂ-ਬੈਕ ਕਈ ਆਸਾਨ ਕੈਚ ਛੱਡੇ ਹਨ।

ਐਤਵਾਰ ਨੂੰ ਸਿਡਨੀ ’ਚ ਖੇਡੇ ਗਏ ਮੈਚ ਵਿੱਚ ਭਾਰਤੀ ਕਪਤਾਨ ਕੋਹਲੀ, ਮੈਥਿਊ ਵੇਡ ਦੇ ਆਸਾਨ ਮੰਨੇ ਜਾ ਰਹੇ ਕੈਚ ਨੂੰ ਨਹੀਂ ਪਕੜ ਸਕੇ। ਉਂਝ ਭਾਵੇਂ ਬੱਲੇਬਾਜ਼ ਉਸੇ ਗੇਂਦ ਉੱਤੇ ਰਨ ਆਊਟ ਹੋ ਗਿਆ। ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਅਜੇ ਜਡੇਜਾ ਇੱਕ ਵਧੀਆ ਫ਼ੀਲਡਰ ਮੰਨੇ ਜਾਂਦੇ ਰਹੇ ਹਨ। ਜਡੇਜਾ ਨੇ ਇਸ ਉੱਤੇ ਟਿੱਪਣੀ ਕਰਦਿਆਂ ਕੋਹਲੀ ਦੇ ਇੰਝ ਕੈਚ ਛੱਡਣ ਦਾ ਕਾਰਨ ਦੱਸਿਆ ਹੈ।

‘ਸੋਨੀ ਸਪੋਰਟਸ ਨੈੱਟਵਰਕ’ ਉੱਤੇ ਜਡੇਜਾ ਨੇ ਕਿਹਾ ਕਿ ਵਿਰਾਟ ਕੋਹਲੀ ਨੂੰ ਅਸੀਂ ਪਿਛਲੇ ਕੁਝ ਸਾਲਾਂ ਦੌਰਾਨ ਬਹੁਤ ਬੇਮਿਸਾਲ ਕੈਚ ਫੜਦਿਆਂ ਤੱਕਿਆ ਹੈ। ਜਦੋਂ ਉਨ੍ਹਾਂ ਕੋਲ ਸੋਚਣ ਦਾ ਸਮਾਂ ਹੁੰਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਕਦੇ-ਕਦੇ ਚੀਜ਼ਾਂ ਡਾਊਨਹਿਲ ਹੋ ਜਾਂਦੀਆਂ ਹਨ। ਪਿਛਲੇ ਮੈਚ ਵਿੱਚ ਉਨ੍ਹਾਂ ਕੋਲ ਵਾਜਬ ਸਮਾਂ ਸੀ ਤੇ ਇਸ ਦੀ ਫ਼ਿੱਟਨੈੱਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਉਹ ਉਸ ਸਮੇਂ ਦੀ ਉਡੀਕ ਕਰ ਰਹੇ ਸਨ ਕਿ ਕਦੋਂ ਹੱਥ ਉਨ੍ਹਾਂ ਦੇ ਅਤੇ ਉਸ ਗੇਂਦ ਦੇ ਵਿਚਕਾਰ ਆ ਜਾਵੇ।

ਜਡੇਜਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੱਜ ਉਨ੍ਹਾਂ ਕੋਲ ਸਮਾਂ ਸੀ ਪਰ ਜਦੋਂ ਉਹ ਕੈਚ ਫੜਨ ਵਾਲੇ ਸਨ, ਤਦ ਆਫ਼ ਬੈਲੈਂਸਡ ਸਨ। ਵਿਰਾਟ ਕੋਹਲੀ ਲਈ ਜ਼ਰੂਰੀ ਹੈ ਕਿ ਉਹ ਆਪਣਾ ਧਿਆਨ ਇੱਕ ਥਾਂ ਉੱਤੇ ਕੇਂਦ੍ਰਿਤ ਰੱਖਣ; ਨਹੀਂ ਤਾਂ ਸੌਖੇ ਕੈਚ ਵੀ ਔਖੇ ਜਾਪਣਗੇ।