ਮੋਹਾਲੀ - ਐਤਵਾਰ ਦੇ ਦਿਨ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੋਹਾਲੀ ਦੇ ਪੀ.ਸੀ.ਏ. ਸਟੇਡੀਅਮ 'ਚ ਖੇਡੇ ਗਏ ਮੈਚ 'ਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ। ਵਿਰਾਟ ਕੋਹਲੀ ਅਤੇ ਕਪਤਾਨ ਧੋਨੀ ਨੇ ਦਮਦਾਰ ਪਰੀਆਂ ਖੇਡ ਟੀਮ ਇੰਡੀਆ ਨੂੰ ਜਿੱਤ ਦਰਜ ਕਰਨ 'ਚ ਮਦਦ ਕੀਤੀ। 

  

 

ਪਰ ਇਸ ਮੈਚ 'ਚ ਇੱਕ ਹੋਰ ਦਿਲਚਸਪ ਕਿੱਸਾ ਹੋਇਆ ਜਿਸਨੇ ਦਰਸ਼ਕਾਂ ਨੂੰ ਹੱਸਣ 'ਤੇ ਮਜਬੂਰ ਕਰ ਦਿੱਤਾ। ਕਮੈਂਟਰੀ ਬਾਕਸ 'ਚ ਬੈਠੇ ਕਮੈਂਟੇਟਰਸ ਦਾ ਹਾਸਾ-ਮਜ਼ਾਕ ਅਤੇ ਉਨ੍ਹਾਂ ਦੀਆਂ ਗੱਲਾਂ ਆਮ ਤੌਰ 'ਤੇ ਦਰਸ਼ਕਾਂ ਨੂੰ ਪਸੰਦ ਆਉਂਦੀਆਂ ਹਨ। ਐਤਵਾਰ ਦੇ ਦਿਨ ਵੀ ਕੁਝ ਅਜਿਹਾ ਹੀ ਹੋਇਆ। ਨਿਊਜ਼ੀਲੈਂਡ ਟੀਮ ਦੇ ਕਮੈਂਟੇਟਰ ਸਕਾਟ ਸਟਾਈਰਿਸ ਮੈਚ ਦੌਰਾਨ ਸੁਨੀਲ ਗਵਾਸਕਰ ਅਤੇ ਰਵੀ ਸ਼ਾਸਤਰੀ ਨਾਲ ਬੈਠੇ ਕਮੈਂਟਰੀ ਕਰ ਰਹੇ ਸਨ। ਨਿਊਜ਼ੀਲੈਂਡ ਦੀ ਟੀਮ ਨੂੰ ਚੰਗੀ ਸ਼ੁਰੂਆਤ ਮਿਲ ਗਈ ਸੀ। ਕੀਵੀ ਟੀਮ ਨੇ ਸ਼ੁਰੂਆਤੀ 10 ਓਵਰਾਂ 'ਚ 1 ਵਿਕਟ ਗਵਾ ਕੇ 64 ਰਨ ਬਣਾ ਲਏ ਸਨ। ਵਿਲੀਅਮਸਨ ਅਤੇ ਲੈਥਮ ਦਮਦਾਰ ਅੰਦਾਜ਼ 'ਚ ਨਿਊਜ਼ੀਲੈਂਡ ਦੀ ਪਾਰੀ ਨੂੰ ਅੱਗੇ ਵਧਾ ਰਹੇ ਸਨ। ਪਰ ਇੰਨੇ 'ਚ ਗੇਂਦ ਕੇਦਾਰ ਜਾਧਵ ਦੇ ਹੱਥ 'ਚ ਆਈ। 

  

 

ਜਾਧਵ ਨੂੰ ਸੀਰੀਜ਼ ਦੌਰਾਨ ਗੇਂਦ ਨਾਲ ਮਿਲੀ ਕਾਮਯਾਬੀ ਬਾਰੇ ਚਰਚਾ ਹੋਈ ਤਾਂ ਸਟਾਈਰਿਸ ਨੇ ਕਿਹਾ ਕਿ ਜੇਕਰ ਅੱਜ ਜਾਧਵ ਵਿਕਟ ਹਾਸਿਲ ਕਰਦੇ ਹਨ ਤਾਂ ਓਹ ਫਲਾਈਟ ਫੜ ਕੇ ਨਿਊਜ਼ੀਲੈਂਡ ਚਲੇ ਜਾਣਗੇ। ਅਜੇ ਸਟਾਈਰਿਸ ਨੂੰ ਅਜਿਹਾ ਕਹੇ ਕੁਝ ਹੀ ਮਿਨਟ ਹੋਏ ਸਨ ਕਿ ਜਾਧਵ ਨੇ ਆਪਣੇ ਦੂਜੇ ਓਵਰ ਦੀ ਪਹਿਲੀ ਗੇਂਦ 'ਤੇ ਵਿਲੀਅਮਸਨ ਨੂੰ ਪੈਵਲੀਅਨ ਦਾ ਰਾਹ ਵਿਖਾ ਦਿੱਤਾ। ਸਟਾਈਰਿਸ ਇਹ ਵੇਖ ਹੈਰਾਨ ਸਨ ਅਤੇ ਉਨ੍ਹਾਂ ਨੇ ਆਪਣਾ ਮਾਈਕ ਉਤਾਰ ਦਿੱਤਾ ਅਤੇ ਕਮੈਂਟਰੀ ਬਾਕਸ ਚੋਂ ਬਾਹਰ ਚਲੇ ਗਏ। ਇਹ ਸਭ ਹੁੰਦਾ ਵੇਖ ਰਵੀ ਸ਼ਾਸਤਰੀ ਅਤੇ ਸੁਨੀਲ ਗਵਾਸਕਰ ਵੀ ਆਪਣਾ ਹਾਸਾ ਨਹੀਂ ਰੋਕ ਸਕੇ। ਇਹ ਵੀਡੀਓ ਵੀ ਸੋਸ਼ਲ ਮੀਡੀਆ 'ਚ ਖੂਬ ਵਾਇਰਲ ਹੋ ਰਿਹਾ ਹੈ। ਕੇਦਾਰ ਜਾਧਵ ਨੇ ਮੈਚ 'ਚ ਕੁਲ 3 ਵਿਕਟ ਹਾਸਿਲ ਕੀਤੇ।