Wrestlers Protest: ਜਿਨਸੀ ਸੋਸ਼ਣ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਦੇਸ਼ ਦੇ ਨਾਮੀ ਭਲਵਾਨਾਂ ਦੇ ਹੱਕ ’ਚ ਅੱਜ ਦੇਸ਼ ਦੀ ਸਾਬਕਾ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਵੀ ਡਟ ਗਈ ਹੈ। ਉਸ ਨੇ ਟਵੀਟ ਕਰਕੇ ਕਿਹਾ,‘ਇੱਕ ਅਥਲੀਟ ਤੋਂ ਇਲਾਵਾ ਇੱਕ ਔਰਤ ਦੇ ਰੂਪ ਵਿੱਚ ਇਹ ਦੇਖਣਾ ਬਹੁਤ ਮੁਸ਼ਕਲ ਹੈ। ਇਨ੍ਹਾਂ ਸੜਕਾਂ ’ਤੇ ਉੱਤਰੇ ਭਲਵਾਨਾਂ ਨੇ ਕੌਮਾਂਤਰੀ ਪੱਧਰ ’ਤੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਤੇ ਅਸੀਂ ਸਾਰਿਆਂ ਨੇ ਉਨ੍ਹਾਂ ਦੇ ਨਾਲ ਜਸ਼ਨ ਮਨਾਇਆ ਹੈ।
ਉਨ੍ਹਾਂ ਕਿਹਾ ਹੈ ਕਿ ਹੁਣ ਇਨ੍ਹਾਂ ਨਾਲ ਖੜ੍ਹੇ ਹੋਣ ਦਾ ਸਮਾਂ ਆ ਗਿਆ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਤੇ ਗੰਭੀਰ ਇਲਜ਼ਾਮ ਹਨ। ਮੈਨੂੰ ਉਮੀਦ ਹੈ ਕਿ ਜੋ ਵੀ ਸੱਚਾਈ ਹੈ ਸਾਹਮਣੇ ਆਏਗੀ ਤੇ ਇਨਸਾਫ਼ ਮਿਲੇਗਾ। ਹੁਣ ਨਹੀਂ ਤਾਂ ਕੁਝ ਸਮੇਂ ਬਾਅਦ।’
ਉਧਰ, ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੇ ਸਮਰਥਨ ਵਿੱਚ ਡਟ ਗਏ ਹਨ। ਉਨ੍ਹਾਂ ਨੇ ਨਿਆਂ ਯਕੀਨੀ ਬਣਾਉਣ ਲਈ ਅਧਿਕਾਰੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਅਥਲੈਟਿਕਸ ਵਿੱਚ ਭਾਰਤ ਦਾ ਪਹਿਲਾ ਓਲੰਪਿਕ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲੇ ਜੈਵਲਿਨ ਥ੍ਰੋਅਰ ਚੋਪੜਾ ਨੇ ਕਿਹਾ ਕਿ ਇਹ ਦੁਖਦਾਈ ਹੈ ਕਿ ਪਹਿਲਵਾਨਾਂ ਨੂੰ ਨਿਆਂ ਲਈ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਾ ਪਿਆ।
ਦੱਸ ਦਈਏ ਕਿ ਚੋਪੜਾ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਆਈ ਹੈ ਜਦੋਂ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦੀ ਬਜਾਏ ਪਹਿਲਵਾਨਾਂ ਨੂੰ ਆਪਣਾ ਵਿਰੋਧ ਮੁੜ ਸ਼ੁਰੂ ਕਰਨ ਲਈ ਸੜਕਾਂ 'ਤੇ ਉਤਰਨ ਲਈ ਸਖ਼ਤ ਆਲੋਚਨਾ ਕੀਤੀ ਗਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਪਹਿਲਵਾਨਾਂ ’ਤੇ ਵਰ੍ਹਦਿਆਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਕਿਹਾ ਸੀ ਕਿ ਸੜਕਾਂ ’ਤੇ ਪ੍ਰਦਰਸ਼ਨ ਕਰਨਾ ਅਨੁਸ਼ਾਸਨਹੀਣਤਾ ਹੈ ਤੇ ਇਸ ਨਾਲ ਦੇਸ਼ ਦਾ ਅਕਸ ਖਰਾਬ ਹੋ ਰਿਹਾ ਹੈ। ਆਈਓਏ ਦੀ ਪ੍ਰਧਾਨ ਪੀਟੀ ਊਸ਼ਾ ਨੇ ਕਿਹਾ, ‘ਪਹਿਲਵਾਨਾਂ ਦਾ ਸੜਕ ’ਤੇ ਰੋਸ ਮੁਜ਼ਾਹਰਾ ਕਰਨਾ ਅਨੁਸ਼ਾਸਨਹੀਣਤਾ ਹੈ। ਇਸ ਨਾਲ ਭਾਰਤ ਦਾ ਅਕਸ ਖਰਾਬ ਹੋ ਰਿਹਾ ਹੈ।’