ਟੀਮ ਇੰਡੀਆ ਦਾ ਮਹਾਨ ਬੱਲੇਬਾਜ਼ ਯੁਵਰਾਜ ਸਿੰਘ ਕ੍ਰਿਕਟ ਦੇ ਮੈਦਾਨ 'ਤੇ ਸਿਕਸਰ ਕਿੰਗ ਵਜੋਂ ਜਾਣਿਆ ਜਾਂਦਾ ਹੈ। ਪਹਿਲੇ ਟੀ -20 ਵਿਸ਼ਵ ਕੱਪ ‘ਚ ਇੱਕ ਓਵਰ ‘ਚ 6 ਛੱਕੇ ਲਗਾਉਣ ਤੋਂ ਬਾਅਦ ਯੁਵਰਾਜ ਸਿੰਘ ਨੂੰ ਇਸ ਫਾਰਮੈਟ ਦਾ ਰਾਜਾ ਮੰਨਿਆ ਗਿਆ। ਹਾਲਾਂਕਿ ਯੁਵਰਾਜ ਸਿੰਘ ਵਿਸ਼ਵ ਦੀ ਸਭ ਤੋਂ ਅਮੀਰ ਕ੍ਰਿਕਟ ਲੀਗ ‘ਚ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ। ਆਖਰਕਾਰ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਤਕਰੀਬਨ ਇੱਕ ਸਾਲ ਬਾਅਦ ਯੁਵਰਾਜ ਸਿੰਘ ਨੇ ਆਈਪੀਐਲ ‘ਚ ਆਪਣੀ ਅਸਫਲਤਾ ਦੀ ਕਹਾਣੀ ਸੁਣਾ ਦਿੱਤੀ ਹੈ।

ਯੁਵਰਾਜ ਸਿੰਘ ਨੇ ਕਿਹਾ, "ਜ਼ਿਆਦਾ ਪੈਸੇ ਮਿਲਣ ਕਾਰਨ ਦਬਾਅ ਆਉਂਦਾ ਹੈ। ਮੈਨੂੰ ਵਿਸ਼ਵਾਸ ਨਹੀਂ ਹੈ ਕਿ ਇਹ ਇਕ ਖਿਡਾਰੀ ਨੂੰ ਬਦਲਦਾ ਹੈ ਪਰ ਜਦੋਂ ਤੁਸੀਂ ਉੱਪਰ ਜਾਂਦੇ ਹੋ, ਲੋਕ ਤੁਹਾਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਵੀ ਕਰਦੇ ਹਨ।''

ਯੁਵਰਾਜ ਸਿੰਘ ਨੇ ਅੱਗੇ ਕਿਹਾ, ''ਨੁਕਤਾ ਇਹ ਹੈ ਕਿ ਜੇ ਤੁਸੀਂ ਪ੍ਰਦਰਸ਼ਨ ਕਰਨ 'ਚ ਅਸਮਰੱਥ ਹੋ ਤਾਂ ਸਵਾਲ ਇਹ ਉੱਠਦਾ ਹੈ ਕਿ ਤੁਹਾਨੂੰ ਇੰਨੇ ਪੈਸੇ ਮਿਲ ਰਹੇ ਹਨ ਤੇ ਫਿਰ ਵੀ ਤੁਹਾਡਾ ਬੈਟ ਨਹੀਂ ਚੱਲ ਰਿਹਾ। ਸਿਰਫ ਪਲੇਅਰ ਬਾਰੇ ਨਕਾਰਾਤਮਕ ਖ਼ਬਰਾਂ ਚੱਲਣੀਆਂ ਸ਼ੁਰੂ ਹੁੰਦੀਆਂ ਹਨ। ਮੇਰੀ ਸਲਾਹ ਹੈ ਕਿ ਨੌਜਵਾਨ ਖਿਡਾਰੀਆਂ ਨੂੰ ਟੀਵੀ ਤੇ ਨਿਊਜ਼ ਪੇਪਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ।''