ਨਵੀਂ ਦਿੱਲੀ - ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਅਤੇ 2011 ਦੀ ਵਿਸ਼ਵ ਕੱਪ ਜਿੱਤ ਦੇ ਹੀਰੋ ਜ਼ਹੀਰ ਖਾਨ 38 ਸਾਲਾਂ ਦੇ ਹੋ ਗਏ ਹਨ। ਅੱਜ ਪੂਰਾ ਦੇਸ਼ ਇਸ ਦਿੱਗਜ ਖਿਡਾਰੀ ਨੂੰ ਜਨਮਦਿਨ 'ਤੇ ਵਧਾਈ ਦੇ ਰਿਹਾ ਹੈ। ਜ਼ਹੀਰ ਖਾਨ ਨੇ ਲਗਭਗ 10 ਸਾਲ ਤਕ ਭਾਰਤੀ ਟੀਮ ਦੀ ਤੇਜ਼ ਗੇਂਦਬਾਜ਼ੀ ਦੀ ਜਿੰਮੇਦਾਰੀ ਆਪਣੇ ਮੋਢਿਆਂ ਤੇ ਚੁੱਕੀ। ਜਦ ਜਵਾਗਲ ਸ਼੍ਰੀਨਾਰਥ ਨੇ ਸੰਨਿਆਸ ਲਿਆ ਤਾਂ ਉਸ ਵੇਲੇ ਟੀਮ ਇੰਡੀਆ ਨੂੰ ਇੱਕ ਤੇਜ਼ ਗੇਂਦਬਾਜ਼ ਦੀ ਲੋੜ ਸੀ ਜੋ ਟੀਮ ਲਈ ਤੇਜ਼ ਗੇਂਦਬਾਜ਼ੀ ਦੀ ਕਮਾਨ ਸੰਭਾਲ ਸਕੇ। ਭਾਰਤ ਨੂੰ ਇਹ ਗੇਂਦਬਾਜ਼ ਜ਼ਹੀਰ ਖਾਨ ਦੇ ਰੂਪ 'ਚ ਮਿਲਿਆ। ਜ਼ਹੀਰ ਨੇ ਟੈਸਟ ਅਤੇ ਵਨਡੇ 'ਚ ਦਮਦਾਰ ਪ੍ਰਦਰਸ਼ਨ ਕਰ ਭਾਰਤੀ ਟੀਮ ਦੀਆਂ ਕਈ ਜਿੱਤਾਂ 'ਚ ਖਾਸ ਯੋਗਦਾਨ ਪਾਇਆ। ਹਾਲਾਂਕਿ ਇਸ ਦੌਰਾਨ ਜ਼ਹੀਰ ਨੂੰ ਕਈ ਮੌਕਿਆਂ ਤੇ ਟੀਮ ਤੋਂ ਬਾਹਰ ਵੀ ਹੋਣਾ ਪਿਆ ਅਤੇ ਕਈ ਮੌਕਿਆਂ ਤੇ ਇਸ ਗੇਂਦਬਾਜ਼ ਦੀ ਨਿੰਦਾ ਵੀ ਹੋਈ। ਪਰ ਇਸ ਸਭ ਵਿਚਾਲੇ ਜ਼ੈਕ ਦੀਆਂ ਉਪਲਬਧੀਆਂ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਜ਼ਹੀਰ ਖਾਨ ਨੇ ਬੀਤੇ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। 

  

 

ਜ਼ੈਕ ਦੇ ਕਰੀਅਰ ਦੀਆਂ 10 ਦਿਲਚਸਪ ਗੱਲਾਂ : 

 

1. ਜ਼ਹੀਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ ਅਤੇ ਜ਼ਹੀਰ ਦਾ ਜਨਮ 7 ਅਕਤੂਬਰ 1978 ਨੂੰ ਮਹਾਰਾਸ਼ਟਰਾ ਦੇ ਅਹਿਮਦਨਗਰ 'ਚ ਹੋਇਆ ਸੀ। 

 

2. ਮੁੰਬਈ ਲਈ ਰਣਜੀ ਟਰਾਫੀ ਖੇਡਣ ਵਾਲੇ ਜ਼ਹੀਰ ਨੇ ਸਾਲ 2000 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਐਂਟਰੀ ਕੀਤੀ। 

 

3. ਜ਼ੈਕ ਨੇ 3 ਅਕਤੂਬਰ 2000 ਨੂੰ ਕੀਨੀਆ ਦੇ ਖਿਲਾਫ ਵਨਡੇ 'ਚ ਡੈਬਿਊ ਕੀਤਾ ਅਤੇ ਇਸੇ ਸਾਲ 10 ਨਵੰਬਰ ਨੂੰ ਟੈਸਟ ਮੈਚਾਂ 'ਚ ਡੈਬਿਊ ਕੀਤਾ। 

  

 

4. ਜ਼ਹੀਰ ਨੇ ਆਪਣੇ ਕਰੀਅਰ ਦੌਰਾਨ 92 ਟੈਸਟ ਮੈਚ ਖੇਡੇ। ਇੰਨਾ ਮੈਚਾਂ 'ਚ ਜ਼ਹੀਰ ਨੇ 311 ਵਿਕਟ ਹਾਸਿਲ ਕੀਤੇ ਹਨ। 200 ਵਨਡੇ ਮੈਚਾਂ 'ਚ ਜ਼ਹੀਰ ਦੇ ਨਾਮ 282 ਵਿਕਟ ਦਰਜ ਹਨ। 

 

5. ਜ਼ਹੀਰ ਨੇ ਟੈਸਟ ਮੈਚਾਂ 'ਚ 11 ਵਾਰ 5 ਜਾਂ ਇਸਤੋਂ ਵਧੇਰੇ ਵਿਕਟ ਹਾਸਿਲ ਕੀਤੇ, ਅਤੇ 1 ਮੌਕੇ ਤੇ 10 ਵਿਕਟਾਂ ਇੱਕੋ ਮੈਚ ਦੌਰਾਨ ਹਾਸਿਲ ਕੀਤੀਆਂ। ਵਨਡੇ ਮੈਚਾਂ 'ਚ ਜ਼ੈਕ ਨੂੰ ਸਿਰਫ 1 ਹੀ ਮੌਕੇ ਤੇ 5 ਵਿਕਟ ਹਾਸਿਲ ਹੋਏ। 

  

 

6. ਟੈਸਟ ਮੈਚਾਂ 'ਚ ਜ਼ਹੀਰ ਟੀਮ ਇੰਡੀਆ ਦੇ ਦੂਜੇ ਸਭ ਤੋਂ ਸਫਲ ਗੇਂਦਬਾਜ਼ ਹਨ। ਜ਼ਹੀਰ ਨੇ ਟੈਸਟ ਮੈਚਾਂ 'ਚ 311 ਵਿਕਟ ਹਾਸਿਲ ਕੀਤੇ ਜਦਕਿ ਸਭ ਤੋਂ ਸਫਲ ਗੇਂਦਬਾਜ਼ ਕਪਿਲ ਦੇਵ ਨੇ 434 ਵਿਕਟ ਹਾਸਿਲ ਕੀਤੇ ਸਨ। 

 

7. ਸਾਲ 2011 ਦੇ ਵਿਸ਼ਵ ਕੱਪ 'ਚ ਜ਼ਹੀਰ ਨੇ 21 ਵਿਕਟ ਹਾਸਿਲ ਕੀਤੇ ਅਤੇ ਸਭ ਤੋਂ ਵਧ ਵਿਕਟ ਲੈਣ ਵਾਲੇ ਗੇਂਦਬਾਜ਼ਾਂ 'ਚ ਦੂਜੇ ਨੰਬਰ ਤੇ ਰਹੇ। ਜ਼ੈਕ ਨੇ ਭਾਰਤ ਦੀ ਵਿਸ਼ਵ ਕੱਪ ਜਿੱਤ 'ਚ ਖਾਸ ਭੂਮਿਕਾ ਨਿਭਾਈ। 

 

8. ਬਾਲੀਵੁਡ ਅਤੇ ਕ੍ਰਿਕਟ ਦਾ ਪੁਰਾਣਾ ਰਿਸ਼ਤਾ ਹੈ ਅਤੇ ਇਸੇ ਰਿਸ਼ਤੇ ਤੋਂ ਜ਼ੈਕ ਵੀ ਨਹੀਂ ਬਚੇ। ਜ਼ਹੀਰ ਅਤੇ ਅਦਾਕਾਰਾ ਈਸ਼ਾ ਸ਼ੇਰਵਾਨੀ ਦੇ ਰੋਮਾਂਸ ਦੀਆਂ ਖਬਰਾਂ ਕਾਫੀ ਸਮੇਂ ਤਕ ਮੀਡੀਆ 'ਚ ਸੁਰਖੀਆਂ ਬਣੀਆਂ ਰਹੀਆਂ। 

  

 

9. ਇੰਜਰੀ ਕਾਰਣ ਲਗਾਤਾਰ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਜ਼ਹੀਰ ਨੇ ਫਰਵਰੀ 2014 'ਚ ਆਪਣਾ ਆਖਰੀ ਟੈਸਟ ਮੈਚ ਖੇਡਿਆ ਸੀ। ਅਗਸਤ 2012 'ਚ ਜ਼ਹੀਰ ਨੇ ਆਪਣਾ ਆਖਰੀ ਵਨਡੇ ਮੈਚ ਖੇਡਿਆ ਸੀ। 



10. ਵਿਸ਼ਵ ਕੱਪ 2011 'ਚ ਆਪਣੇ ਦਮਦਾਰ ਪ੍ਰਦਰਸ਼ਨ ਲਈ ਜ਼ੈਕ ਨੂੰ ਅਰਜੁਨ ਐਵਾਰਡ ਨਾਲ 

ਵੀ ਸਨਮਾਨਿਤ ਕੀਤਾ ਗਿਆ।