ਵਸ਼ਿੰਗਟਨ: ਅਮਰੀਕਾ 'ਤੇ ਵੱਡਾ ਖਤਰਾ ਬਣ ਆਇਆ ਹੈ। ਇਹ ਖਤਰਾ ਖਤਰਨਾਕ ਸੰਮੁਦਰੀ ਤੁਫਾਨ 'ਮੈਥਿਊ' ਦਾ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੇਤਾਵਨੀ ਦਿੱਤੀ ਹੈ ਕਿ ਮੈਥਿਊ ਤੁਫਾਨ ਬੇਹੱਦ ਵਿਨਾਸ਼ਕਾਰੀ ਹੋ ਸਕਦਾ ਹੈ। ਇਹ ਪਿਛਲੇ 10 ਸਾਲ ਦਾ ਸਭ ਤੋਂ ਭਿਆਨਕ ਤੁਫਾਨ ਮੰਨਿਆ ਜਾ ਰਿਹਾ ਹੈ। ਦੇਸ਼ ਦੇ ਦੱਖਣੀ ਤੇ ਤੱਟਵਰਤੀ ਇਲਾਕੇ ਇਸ ਖਤਰਨਾਕ ਤੁਫਾਨ ਨਾਲ ਨਜਿੱਠਣ ਦੀ ਤਿਆਰੀ ਕਰ ਰਹੇ ਹਨ। ਓਬਾਮਾ ਨੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਦੇ ਦਫਤਰ ਦਾ ਦੌਰਾ ਕਰਨ ਮਗਰੋਂ ਕਿਹਾ, "ਇਹ ਇੱਕ ਭਿਆਨਕ ਤੁਫਾਨ ਹੈ।"




ਓਬਾਮਾ ਨੇ ਕਿਹਾ, "ਜੇਕਰ ਇਹ ਤੁਫਾਨ ਪੂਰੀ ਗਤੀ ਨਾਲ ਨਹੀਂ ਆਇਆ, ਤਾਂ ਵੀ ਤੇਜ ਹਵਾਵਾਂ ਚੱਲਣ ਤੇ ਤੁਫਾਨ ਵਧਣ ਦੀ ਸੰਭਾਵਨਾ ਹੈ, ਜਿਸ ਦਾ ਪ੍ਰਭਾਵ ਬੇਹੱਦ ਵਿਨਾਸ਼ਕਾਰੀ ਹੋਵੇਗਾ।" ਉਨ੍ਹਾਂ ਕਿਹਾ, "ਸਾਡਾ ਅੰਦਾਜਾ ਹੈ ਕਿ ਵੀਰਵਾਰ ਸਵੇਰ ਤੱਕ ਫਲੋਰੀਡਾ 'ਤੇ ਇਸ ਦਾ ਪ੍ਰਭਾਵ ਸ਼ੁਰੂ ਹੋ ਜਾਵੇਗਾ ਤੇ ਉਸ ਤੋਂ ਬਾਅਦ ਸੰਭਵ ਹੈ ਕਿ ਇਹ ਤੇਜੀ ਨਾਲ ਤੱਟ ਵੱਲ੍ਹ ਵਧੇਗਾ।"

ਤੁਫਾਨ ਤੋਂ ਬਚਣ ਦੀਆਂ ਤਿਆਰੀਆਂ ਵਜੋਂ ਅਰੀਕੀ ਸੂਬਿਆਂ ਸਾਊਥ ਕੈਰੋਲਿਨਾ, ਜਾਰਜੀਆ ਤੇ ਫਲੋਰੀਡਾ ਦੇ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਉੱਥੋਂ ਦੇ 20 ਲੱਖ ਤੋਂ ਵੀ ਵੱਧ ਲੋਕਾਂ ਨੂੰ ਘੱਟੋ- ਘੱਟ ਤਿੰਨ ਦਿਨਾਂ ਲਈ ਖਾਣਾ, ਪਾਣੀ ਤੇ ਦਵਾਈਆਂ ਦਾ ਇੰਤਜ਼ਾਮ ਕਰਨ ਲਈ ਵੀ ਕਿਹਾ ਗਿਆ ਹੈ।