Zimbabwe vs Gambia: ਜ਼ਿੰਬਾਬਵੇ ਨੇ ਗਾਂਬੀਆ ਨੂੰ 290 ਦੌੜਾਂ ਦੇ ਫਰਕ ਨਾਲ ਹਰਾਇਆ ਹੈ। ਇਸ ਦੇ ਨਾਲ ਹੀ ਜ਼ਿੰਬਾਬਵੇ ਨੇ ਟੀ-20 ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਮੈਚ ਦਾ ਸਭ ਤੋਂ ਵੱਡਾ ਹੀਰੋ ਸਿਕੰਦਰ ਰਜ਼ਾ ਰਿਹਾ, ਜਿਨ੍ਹਾਂ ਨੇ ਸਿਰਫ 43 ਗੇਂਦਾਂ 'ਤੇ 133 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਕ੍ਰਿਕਟ ਜਗਤ 'ਚ ਹਲਚਲ ਮਚਾ ਦਿੱਤੀ। ਉਸ ਨੇ 133 ਦੌੜਾਂ ਦੀ ਪਾਰੀ ਖੇਡਦੇ ਹੋਏ 15 ਛੱਕੇ ਅਤੇ 7 ਚੌਕੇ ਵੀ ਲਗਾਏ।


ਜ਼ਿੰਬਾਬਵੇ ਦੇ ਇਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਜ਼ਿੰਬਾਬਵੇ ਦੇ ਬੱਲੇਬਾਜ਼ਾਂ ਨੇ ਪਹਿਲੇ 6 ਓਵਰਾਂ 'ਚ ਹੀ ਟੀਮ ਦੇ ਸਕੋਰ ਨੂੰ 100 ਦੌੜਾਂ ਤੋਂ ਪਾਰ ਕਰ ਦਿੱਤਾ ਸੀ ਅਤੇ ਟੀਮ ਪਹਿਲਾਂ 10 ਓਵਰਾਂ 'ਚ 150 ਦੌੜਾਂ ਬਣਾ ਲਈਆਂ ਸੀ। ਦੌੜਾਂ ਦੀ ਰਫ਼ਤਾਰ ਵੱਧਦੀ ਹੀ ਜਾ ਰਹੀ ਸੀ ਅਤੇ 13 ਓਵਰਾਂ ਦੇ ਅੰਤ ਹੋਣ ਤੱਕ ਟੀਮ ਨੇ 200 ਦੌੜਾਂ ਦਾ ਅੰਕੜਾ ਪਾਰ ਕਰ ਚੁੱਕੀ ਸੀ। ਇਸ ਦੌਰਾਨ ਸਿਕੰਦਰ ਰਜ਼ਾ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਜ਼ਿੰਬਾਬਵੇ ਲਈ ਸੈਂਕੜਾ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਸਿਰਫ 33 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕਰ ਲਿਆ ਸੀ।



ਟੀ-20 ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ


ਜ਼ਿੰਬਾਬਵੇ ਲਈ ਇਸ ਮੈਚ 'ਚ ਬ੍ਰਾਇਨ ਬੈਨੇਟ (50 ਦੌੜਾਂ), ਟੀ ਮਾਰੂਮਾਨੀ (62 ਦੌੜਾਂ) ਅਤੇ ਕਲਾਈਵ ਮਦਾਨਡੇ ਨੇ 53 ਦੌੜਾਂ ਦੇ ਅਰਧ ਸੈਂਕੜੇ ਦੀ ਪਾਰੀ ਖੇਡ ਕੇ ਟੀਮ ਨੂੰ 344 ਦੌੜਾਂ ਦੇ ਇਤਿਹਾਸਕ ਸਕੋਰ ਤੱਕ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਟੀਮ ਨੇਪਾਲ ਸੀ, ਜਿਸ ਨੇ ਸਾਲ 2023 ਵਿੱਚ ਮੰਗੋਲੀਆ ਖ਼ਿਲਾਫ਼ 314 ਦੌੜਾਂ ਬਣਾਈਆਂ ਸਨ। ਪਰ ਹੁਣ ਜ਼ਿੰਬਾਬਵੇ ਨੇ ਉਸ ਤੋਂ 30 ਦੌੜਾਂ ਵੱਧ ਬਣਾ ਕੇ ਇਤਿਹਾਸ ਰਚ ਦਿੱਤਾ ਹੈ।


ਸਭ ਤੋਂ ਵੱਡੀ ਜਿੱਤ ਦਾ ਵਿਸ਼ਵ ਰਿਕਾਰਡ


ਜਵਾਬ 'ਚ 345 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਗਾਂਬੀਆ ਦੀ ਟੀਮ ਦੀ ਸ਼ੁਰੂਆਤ ਇੰਨੀ ਖਰਾਬ ਰਹੀ ਕਿ 37 ਦੌੜਾਂ ਦੇ ਸਕੋਰ ਤੱਕ ਅੱਧੀ   ਟੀਮ ਪੈਵੇਲੀਅਨ ਪਰਤ ਚੁੱਕੀ ਸੀ। ਵਿਕਟਾਂ ਡਿੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਅਤੇ ਪੂਰੀ ਟੀਮ 54 ਦੌੜਾਂ 'ਤੇ ਸਿਮਟ ਗਈ। ਗਾਂਬੀਆ ਹੁਣ ਟੀ-20 ਮੈਚ ਵਿੱਚ ਸਭ ਤੋਂ ਵੱਧ ਦੌੜਾਂ ਦੇ ਫਰਕ ਨਾਲ ਹਾਰਨ ਵਾਲੀ ਟੀਮ ਬਣ ਗਈ ਹੈ। ਇਹ 290 ਦੌੜਾਂ ਨਾਲ ਹਾਰ ਗਿਆ, ਇਸ ਤੋਂ ਪਹਿਲਾਂ ਸਭ ਤੋਂ ਵੱਧ ਦੌੜਾਂ ਦੀ ਹਾਰ ਦਾ ਸ਼ਰਮਨਾਕ ਰਿਕਾਰਡ ਮੰਗੋਲੀਆ ਦੇ ਨਾਂ ਸੀ, ਜੋ ਨੇਪਾਲ ਦੇ ਹੱਥੋਂ 273 ਦੌੜਾਂ ਨਾਲ ਹਾਰ ਗਿਆ ਸੀ।