ਟੈਲੀਕਾਮ ਕੰਪਨੀ ‘ਭਾਰਤੀ ਏਅਰਟੈੱਲ’ ਨੇ ਆਪਣੇ ਘੱਟ ਆਮਦਨ ਵਾਲੇ ਗਾਹਕਾਂ ਲਈ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਐਤਵਾਰ ਨੂੰ ਕਿਹਾ ਕਿ ਮਹਾਮਾਰੀ ਦੌਰਾਨ ਇੱਕ–ਦੂਜੇ ਨਾਲ ਜੁੜੇ ਰਹਿਣ ਵਿੱਚ ਮਦਦ ਕਰਨ ਲਈ ਘੱਟ ਆਮਦਨ ਵਾਲੇ ਆਪਣੇ 5.5 ਕਰੋੜ ਗਾਹਕਾਂ ਨੂੰ 49 ਰੁਪਏ ਦਾ ਰੀਚਾਰਜ ਪੈਕ ਮੁਫ਼ਤ ਦੇਵੇਗੀ।

 

ਦੂਰਸੰਚਾਰ ਕੰਪਨੀ ਨੇ ਕਿਹਾ ਕਿ ਇਸ 270 ਕਰੋੜ ਰੁਪਏ ਦੀ ਸਕੀਮ ਨਾਲ ਘੱਟ ਆਮਦਨ ਵਾਲੇ ਗਾਹਕਾਂ ਨੂੰ ਕੋਵਿਡ-19 ਦੇ ਅਸਰ ਨਾਲ ਨਿਪਟਣ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ 79 ਰੁਪਏ ਦਾ ਰੀਚਾਰਜ ਕੂਪਨ ਖ਼ਰੀਦਣ ਵਾਲੇ ਗਾਹਕਾਂ ਨੂੰ ਹੁਣ ਡਬਲ ਬੈਨੇਫ਼ਿਟ ਮਿਲੇਗਾ।

 

ਟੈਲੀਕਾੱਮ ਆਪਰੇਟਰ ਨੇ ਕਿਹਾ ਕਿ ਇਸ 270 ਕਰੋੜ ਰੁਪਏ ਦੀ ਸਕੀਮ ਵਿੱਚ 5.5 ਕਰੋੜ ਘੱਟ ਆਮਦਨ ਵਰਗ ਦੇ ਗਾਹਕਾਂ ਲਈ 49 ਰੁਪਏ ਵਾਲੇ ਪਲੈਨ ਦਾ ਕ੍ਰੈਡਿਟ ਵੀ ਸ਼ਾਮਲ ਹੈ।

 

ਪੈਕ ਵਿੱਚ 28 ਦਿਨਾਂ ਦੀ ਵੈਲੀਡਿਟੀ ਤੇ 38 ਰੁਪਏ ਦਾ ਟਾਕ-ਟਾਈਮ

ਕੰਪਨੀ ਵੱਲੋਂ ਜਾਰੀ ਬਿਆਨ ਅਨੁਸਾਰ ਏਅਰਟੈੱਲ 5.5 ਕਰੋੜ ਤੋਂ ਵੱਧ ਘੱਟ ਆਮਦਨ ਵਾਲੇ ਗਾਹਕਾਂ ਨੂੰ ਇੱਕ ਵਾਰ ਮਦਦ ਦੇ ਤੌਰ ’ਤੇ 49 ਰੁਪਏ ਦਾ ਪੈਕ ਫ਼੍ਰੀ ਦੇਵੇਗੀ। ਇਸ ਪੈਕ ਵਿੱਚ 28 ਦਿਨਾਂ ਦੀ ਵੈਧਤਾ ਨਾਲ 38 ਰੁਪਏ ਦਾ ਟਾਕਟਾਈਮ ਤੇ 100 ਐੱਮਬੀ ਡਾਟਾ ਮਿਲਦਾ ਹੈ। ਕੰਪਨੀ ਨੇ ਇਸ਼ਾਰਾ ਕੀਤਾ ਕਿ ਇਸ ਵਿੱਚ ਜ਼ਿਆਦਾਤਰ ਗਾਹਕ ਦਿਹਾਤੀ ਖੇਤਰ ਤੋਂ ਹਨ।

 

ਕੰਪਨੀ ਨੇ ਕਿਹਾ ਕਿ ਆਉਣ ਵਾਲੇ ਹਫ਼ਤੇ ’ਚ ਏਅਰਟੈੱਲ ਪ੍ਰੀਪੇਡ ਗਾਹਕਾਂ ਲਈ ਇਸ ਦਾ ਫ਼ਾਇਦਾ ਮਿਲੇਗਾ ਤੇ ਉਹ ਨੈੱਟਵਰਕ ਨਾਲ ਜੁੜੇ ਰਹਿਣਗੇ। ਉਨ੍ਹਾਂ ਨੂੰ ਲੋੜ ਪੈਣ ’ਤੇ ਕੋਵਿਡ-19 ਨਾਲ ਸਬੰਧਤ ਅਹਿਮ ਜਾਣਕਾਰੀ ਮਿਲ ਸਕੇਗੀ।

 

ਇਸ ਤੋਂ ਪਹਿਲਾਂ ਕੋਵਿਡ ਸਪੋਰਟ ਇਨੀਸ਼ੀਏਟਿਵ ਦੀ ਇੱਕ ਸੀਰੀਜ਼ ਵੀ ਸ਼ੁਰੂ ਕੀਤੀ ਸੀ। ਇਸ ਦੇ ਨਾਲ ਕੰਪਨੀ ਉਸ ਸੂਚੀ ਵਿੱਚ ਸ਼ਾਮਲ ਹੋ ਗਈ, ਜਿਨ੍ਹਾਂ ਨੇ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਲੋਕਾਂ ਦੀ ਮਦਦ ਕਰਨ ਲਈ ਡਿਜੀਟਲ ਟੂਲ ਪੇਸ਼ ਕੀਤੇ ਹਨ। ਕੰਪਨੀ ਨੇ ਇੱਕ ਬਿਆਨ ’ਚ ਕਿਹਾ ਕਿ ਏਅਰਟੈੱਲ ਥੈਂਕਸ ਐਪ ਦੇ ਐਕਸਪਲੋਰ ਸੈਕਸ਼ਨ ਵਿੱਚ ਕੋਵਿਡ ਸਪੋਰਟ ਰੀਸੋਰਸਜ਼ ਅਤੇ ਸਬੰਧਤ ਸੂਚਨਾਵਾਂ ਅਕਸੈੱਸ ਬਣਾਉਣ ਲਈ ਇੰਟੈਗ੍ਰੇਟ ਕੀਤਾ ਹੈ।