ਨਵੀਂ ਦਿੱਲੀ: ਏਅਰਟੈੱਲ ਨੇ ਫ਼ੈਸਲਾ ਕੀਤਾ ਹੈ ਕਿ ਉਹ ਡਿਸਟ੍ਰੀਬਿਊਟਰ ਸਹਿਯੋਗੀਆਂ ਤੇ ਪ੍ਰਚੂਨ ਨੈੱਟਵਰਕ ਦੇ 25 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਅਪਰੈਲ ਮਹੀਨੇ ਦੀ ਮੁੱਢਲੀ ਤਨਖਾਹ ਦੇਵੇਗਾ ਤਾਂ ਜੋ ਇਸ ਸੰਕਟ ਦੇ ਦੌਰ ’ਚ ਉਹ ਵਿੱਤੀ ਪ੍ਰੇਸ਼ਾਨੀ ਤੋਂ ਬਚੇ ਰਹਿਣ। ਦਿੱਲੀ-ਐਨਸੀਆਰ ਦੇ ਆਪਣੇ ਵੰਡ ਸਹਿਯੋਗੀਆਂ ਨੂੰ ਜਾਰੀ ਕੀਤੇ ਪੱਤਰ ’ਚ ਕੰਪਨੀ ਨੇ ਕਿਹਾ, ‘ਅਚਾਨਕ ਕੀਤੇ ਗਏ ਲੌਕਡਾਊਨ ਕਾਰਨ ਅਪਰੈਲ ਮਹੀਨੇ ’ਚ ਤੁਹਾਡਾ ਕੰਮਕਾਰ ਤੇ ਆਮਦਨ ਘਟ ਗਈ ਹੈ। ਇਸ ਔਖੇ ਵੇਲੇ ਅਸੀਂ ਅਪਰੈਲ ਮਹੀਨੇ ’ਚ ਤੁਹਾਡੀ ਮਦਦ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਫੀਲਡ ’ਚ ਸੇਵਾਵਾਂ ਦੇਣ ਵਾਲਿਆਂ ਤੇ ਹੋਰਨਾਂ ਸਾਥੀਆਂ ਨੂੰ ਉਨ੍ਹਾਂ ਦੀ ਅਪਰੈਲ ਮਹੀਨੇ ਦੀ ਮੁੱਢਲੀ ਤਨਖ਼ਾਹ ਦਿੱਤੀ ਜਾਵੇਗੀ।’


ਇਸੇ ਤਰ੍ਹਾਂ ਦਾ ਪੱਤਰ ਕੰਪਨੀ ਨੇ ਦੇਸ਼ ਦੇ ਵੱਖ ਥਾਵਾਂ ’ਚ ਡਿਸਟ੍ਰੀਬਿਊਟਰਾਂ ਨੂੰ ਵੀ ਜਾਰੀ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਏਅਰਟੈੱਲ ਦੇ 25 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਲਾਭ ਹੋਵੇਗਾ। ਏਅਰਟੈੱਲ ਨੇ ਕਿਹਾ, ‘ਲੌਕਡਾਊਨ ਕਾਰਨ ਅਸੀਂ ਸਾਰੇ ਇੱਕ ਸੰਕਟ ਦੇ ਦੌਰ ’ਚੋਂ ਲੰਘ ਰਹੇ ਹਾਂ ਤੇ ਇਸ ਕਾਰਨ ਸਾਡੇ ਕਾਰੋਬਾਰਾਂ ’ਤੇ ਵੀ ਅਸਰ ਪਿਆ ਹੈ। ਇਸ ਖੜ੍ਹੋਤ ਨੇ ਵੱਖ ਵੱਖ ਵਰਗਾਂ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕੀਤਾ ਹੈ।

ਦੇਸ਼ ਦੀ ਸਨਅਤ ਨਾਲ ਜੁੜੇ ਹੋਣ ਕਾਰਨ ਸਾਡਾ ਇਸ ਦੌਰ ’ਚ ਮਦਦ ਕਰਨ ਦਾ ਫਰਜ਼ ਬਣਦਾ ਹੈ ਅਤੇ ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦੇਸ਼ ਦੇ ਲੋਕ ਆਪਸ ਵਿੱਚ ਤੇ ਆਪਣੇ ਸਨੇਹੀਆਂ ਨਾਲ ਜੁੜੇ ਰਹਿਣ।’ ਕੰਪਨੀ ਨੇ ਉਮੀਦ ਜ਼ਾਹਿਰ ਕੀਤੀ ਕਿ 3 ਮਈ ਨੂੰ ਇੱਕ ਵਾਰ ਜਦੋਂ ਲੌਕਡਾਊਨ ਖੋਲ੍ਹ ਦਿੱਤਾ ਗਿਆ ਤਾਂ ਜ਼ਿੰਦਗੀ ਮੁੜ ਲੀਹ ’ਤੇ ਪਰਤ ਆਵੇਗੀ।