Smartphones to be fitted in Brain: ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹਨ ਤੇ ਹਰ ਰੋਜ਼ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਹਨ ਜੋ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਇਸ ਵਾਰ ਉਨ੍ਹਾਂ ਨੇ ਮੋਬਾਈਲ ਫੋਨ ਦੇ ਸਫ਼ਰ ਨੂੰ ਦਰਸਾਉਂਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ 1991 ਤੋਂ ਹੁਣ ਤੱਕ ਫੋਨ ਵਿੱਚ ਆਏ ਬਦਲਾਅ ਦਿਖਾਏ ਗਏ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਭਵਿੱਖ ਬਾਰੇ ਆਪਣੀ ਦਿਲਚਸਪ ਰਾਏ ਵੀ ਦਿੱਤੀ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
1991 ਤੋਂ ਹੁਣ ਤੱਕ ਮੋਬਾਈਲ ਫੋਨਾਂ ਦਾ ਸਫ਼ਰ
ਆਨੰਦ ਮਹਿੰਦਰਾ ਦੁਆਰਾ ਸਾਂਝਾ ਕੀਤਾ ਗਿਆ ਵੀਡੀਓ ਦਰਸਾਉਂਦਾ ਹੈ ਕਿ ਕਿਵੇਂ ਮੋਬਾਈਲ ਫੋਨਾਂ ਨੇ ਬਦਲਾਅ ਦੇ ਵੱਖ-ਵੱਖ ਪੜਾਅ ਦੇਖੇ ਹਨ ਤੇ ਇੱਕ ਸਧਾਰਨ ਡਿਵਾਈਸ ਤੋਂ ਅੱਜ ਦੇ ਸਮਾਰਟਫੋਨ ਤੱਕ ਦਾ ਸਫ਼ਰ ਤੈਅ ਕੀਤਾ ਹੈ। ਇਹ ਵੀਡੀਓ 90 ਦੇ ਦਹਾਕੇ ਦੇ ਵੱਡੇ ਤੇ ਭਾਰੀ ਮੋਬਾਈਲ ਫੋਨਾਂ ਤੋਂ ਲੈ ਕੇ ਸਲਾਈਡਰਾਂ ਤੇ ਫਲਿੱਪ ਫੋਨਾਂ ਤੋਂ ਹੁੰਦੇ ਹੋਏ ਟੱਚਸਕ੍ਰੀਨ ਸਮਾਰਟਫੋਨਾਂ ਤੱਕ ਦੀ ਝਲਕ ਦਿਖਾਈ ਦਿੰਦੀ ਹੈ।
ਵੀਡੀਓ ਦੇ ਨਾਲ ਆਨੰਦ ਮਹਿੰਦਰਾ ਨੇ ਮਜ਼ਾਕ ਵਿੱਚ ਲਿਖਿਆ, "ਹਾਂ, ਮੈਂ ਇਹ ਸਾਰੇ ਸੈੱਲ ਫ਼ੋਨ ਦੇਖੇ ਹਨ ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਇੰਨਾ ਲੰਮਾ ਸਮਾਂ ਜੀਣਾ ਚਾਹਾਂਗਾ ਕਿ ਸਾਡੇ ਦਿਮਾਗ ਵਿੱਚ ਹੀ ਇੱਕ ਸੈੱਲ ਫ਼ੋਨ ਲਾਇਆ ਹੋਇਆ ਦੇਖ ਸਕਾਂ!"
ਉਨ੍ਹਾਂ ਦੀ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਕਈ ਯੂਜ਼ਰਸ ਨੇ ਇਸ 'ਤੇ ਮਜ਼ਾਕੀਆ ਪ੍ਰਤੀਕਿਰਿਆਵਾਂ ਦਿੱਤੀਆਂ ਹਨ, ਜਦੋਂਕਿ ਕੁਝ ਲੋਕ ਇਸ ਗੱਲ 'ਤੇ ਵੀ ਗੰਭੀਰਤਾ ਨਾਲ ਚਰਚਾ ਕਰ ਰਹੇ ਹਨ ਕਿ ਕੀ ਭਵਿੱਖ ਵਿੱਚ ਸੱਚਮੁੱਚ ਅਜਿਹਾ ਦਿਨ ਆਵੇਗਾ ਜਦੋਂ ਮੋਬਾਈਲ ਸਿੱਧੇ ਮਨੁੱਖੀ ਦਿਮਾਗ ਵਿੱਚ ਫਿੱਟ ਹੋ ਜਾਣਗੇ?
ਤਕਨੀਕੀ ਨਵੀਨਤਾ ਵਿੱਚ ਦਿਲਚਸਪੀ
ਇਹ ਪਹਿਲੀ ਵਾਰ ਨਹੀਂ ਜਦੋਂ ਆਨੰਦ ਮਹਿੰਦਰਾ ਨੇ ਤਕਨਾਲੋਜੀ ਨਾਲ ਸਬੰਧਤ ਵੀਡੀਓ 'ਤੇ ਆਪਣੀ ਰਾਏ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਨਵੀਨਤਾਕਾਰੀ ਵਿਚਾਰਾਂ 'ਤੇ ਆਪਣੀ ਫੀਡਬੈਕ ਦੇ ਚੁੱਕੇ ਹਨ।
ਮਈ 2024 ਵਿੱਚ ਉਨ੍ਹਾਂ ਨੇ ਆਈਆਈਟੀ ਦੇ ਵਿਦਿਆਰਥੀਆਂ ਦੁਆਰਾ ਵਿਕਸਤ ਕੀਤੇ ਫਲਾਇੰਗ ਟੈਕਸੀ ਪ੍ਰੋਜੈਕਟ ਦਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਦੀ ਲੋਕਾਂ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਗਈ। ਇਸ ਦੇ ਨਾਲ ਹੀ ਅਗਸਤ 2023 ਵਿੱਚ ਉਨ੍ਹਾਂ ਨੇ ਇੱਕ ਚੀਨੀ ਵਿਅਕਤੀ ਦੁਆਰਾ ਬਣਾਏ ਗਏ ਮੱਛਰ ਮਾਰਨ ਵਾਲੇ ਯੰਤਰ ਦਾ ਇੱਕ ਵੀਡੀਓ ਸਾਂਝਾ ਕੀਤਾ ਤੇ ਇਸ ਨੂੰ ਘਰਾਂ ਲਈ "ਆਇਰਨ ਡੋਮ" ਦੱਸਿਆ।
ਆਨੰਦ ਮਹਿੰਦਰਾ ਦਾ ਇਹ ਅੰਦਾਜ਼ ਲੋਕਾਂ ਨੂੰ ਬਹੁਤ ਪਸੰਦ ਹੈ। ਉਹ ਅਕਸਰ ਅਜਿਹੀਆਂ ਦਿਲਚਸਪ ਤੇ ਪ੍ਰੇਰਨਾਦਾਇਕ ਗੱਲਾਂ ਸਾਂਝੀਆਂ ਕਰਦੇ ਹਨ, ਜੋ ਨਾ ਸਿਰਫ਼ ਨਵੀਨਤਾ ਨੂੰ ਉਤਸ਼ਾਹਿਤ ਕਰਦੀਆਂ ਹਨ ਬਲਕਿ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਵੀ ਬਣ ਜਾਂਦੀਆਂ ਹਨ।