ਚੰਡੀਗੜ੍ਹ: ਅਮਰੀਕੀ ਕੰਪਨੀ ਐਪਲ ਦੁਨੀਆ ਦੀ ਪਹਿਲੀ ਇੱਕ ਲੱਖ ਕਰੋੜ ਡਾਲਰ ਦੀ ਕੰਪਨੀ ਬਣ ਗਈ ਹੈ। ਇਹ ਰਕਮ ਲਗਪਗ 68,620 ਅਰਬ ਰੁਪਏ ਦੇ ਬਰਾਬਰ ਹੈ। ਕੰਪਨੀ ਦੇ ਸ਼ੇਅਰ 2.8 ਫੀਸਦੀ ਤੋਂ ਵਧ ਕੇ 207.05 ਡਾਲਰ ਹੋ ਗਏ ਜਿਸ ਨਾਲ ਕੰਪਨੀ ਨੂੰ 9 ਫੀਸਦੀ ਦਾ ਫਾਇਦਾ ਮਿਲਿਆ। ਜੂਨ ਵਿੱਚ ਕੰਪਨੀ ਆਪਣੇ 20 ਬਿਲੀਅਨ ਡਾਲਰ ਵਾਪਸ ਹਾਸਲ ਕਰਨ ਵਿੱਚ ਕਾਮਯਾਬ ਹੋ ਗਈ ਹੈ। ਐਪਲ ਕੰਪਨੀ ਨੂੰ ਸਟੀਵ ਜੌਬਸ ਨੇ ਇੱਕ ਗਰਾਜ ਤੋਂ ਸ਼ੁਰੂ ਕੀਤਾ ਸੀ। 2011 ਵਿੱਚ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਟਿਮ ਕੁੱਕ ਕੰਪਨੀ ਦੀ ਕਮਾਨ ਸੰਭਾਲ ਰਹੇ ਹਨ। ਇਸ ਕੰਪਨੀ ਤੋਂ ਬਾਅਦ ਅਮੇਜ਼ਨ ਦਾ ਨੰਬਰ ਆਉਂਦਾ ਹੈ। ਅਮੇਜ਼ਨ ਦਾ ਮਾਰਕਿਟ ਟੈਪ 869 ਅਰਬ ਡਾਲਰ ਹੈ। ਐਪਲ ਇਨਸਾਈਡਰ ਦੀ ਰਿਪੋਰਟ ਮੁਤਾਬਕ ਕੰਪਨੀ ਨੇ 2018 ਦੀ ਤੀਜੀ ਤਿਮਾਹੀ ਵਿੱਚ ਕੁੱਲ 4.18 ਮਿਲੀਅਨ ਆਈਫੋਨ ਵੇਚੇ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ-ਦਰ-ਸਾਲ ਦੇ ਆਧਾਰ ’ਤੇ ਐਪਲ ਦਾ ਸੇਲਜ਼ ਗਰੋਥ ਰੇਟ 3 ਫੀਸਦੀ ਹੋ ਸਕਦਾ ਹੈ। ਕੰਪਨੀ ਨੇ ਇਸ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿੱਚ ਕੁੱਲ 53.3 ਬਿਲੀਅਨ ਡਾਲਰ ਦਾ ਮਾਲੀਆ ਹਾਸਲ ਕੀਤਾ ਹੈ। ਇਹ ਸਾਲ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 17 ਫੀਸਦੀ ਵੱਧ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤਿਮਾਹੀ ਵਿੱਚ ਐਪਲ ਨੂੰ ਸਭ ਤੋਂ ਜ਼ਿਆਦਾ ਮਾਲੀਆ ਸੇਵਾਵਾਂ ਵਿੱਚੋਂ ਮਿਲਿਆ ਹੈ, ਜਿਸ ਵਿੱਚ ਐਪਲ ਮਿਊਜ਼ਿਕ, ਆਈਕਲਾਊਡ ਤੇ ਐਪਲ ਕੇਅਰ ਸ਼ਾਮਲ ਹਨ। ਐਪਲ ਨੇ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿੱਚ 20 ਫੀਸਦੀ ਦਾ ਵਾਧਾ ਕੀਤਾ ਸੀ। ਅਪਰੈਲ-ਜੂਨ ਦੀ ਤਿਮਾਹੀ ਵਿੱਚ ਕੰਪਨੀ ਦੇ ਆਈਫੋਨ ਦੀ ਵਿਕਰੀ ਇੱਕ ਫੀਸਦੀ ਵਧ ਗਈ ਹੈ ਤੇ ਆਮਦਨ ਵਿੱਚ ਵੀ 17 ਫੀਸਦੀ ਦਾ ਵਾਧਾ ਹੋਇਆ ਹੈ। ਰਿਸਰਚ ਫਰਮ ਕਾਊਂਟਰ ਪੁਆਇੰਟ ਦੀ ਪਿਛਲੇ ਸਾਲ ਦੀ ਰਿਪੋਰਟ ਮੁਤਾਬਕ ਕੰਪਨੀ ਨੇ ਹਰ ਆਈਫੋਨ ਦੀ ਵਿਕਰੀ ’ਤੇ ਔਸਤਨ 9,600 ਰੁਪਏ ਦਾ ਮੁਨਾਫਾ ਕਮਾਇਆ ਹੈ।