ਕੈਲਗਰੀ: ਅੱਜ ਦੇ ਦੌਰ ‘ਚ ਜਿੱਥੇ ਲੋਕ ਨਵੀਂ ਤਕਨੀਕ ਦੀ ਦੁਰਵਰਤੋਂ ਕਰਦੇ ਹਨ, ਉੱਥੇ ਹੀ ਤਕਨੀਕ ਦੇ ਆਪਣੇ ਹੀ ਫਾਇਦੇ ਵੀ ਹਨ ਜੋ ਮੁਸ਼ਕਲ ‘ਚ ਤੁਹਾਡੇ ਕੰਮ ਜ਼ਰੂਰ ਆਉਂਦੇ ਹਨ। ਦੱਸ ਦਈਏ ਕਿ ਮਹਿਲਾਵਾਂ ਲਈ ਮੋਬਾਈਲ ‘ਚ ਰੱਖਣ ਲਈ ਕਈ ਤਰ੍ਹਾਂ ਦੀ ਐਮਰਜੈਂਸੀ ਐਪਸ ਹੁੰਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਮੁਸ਼ਕਲ ਸਮੇਂ ਉਹ ਆਪਣੇ ਸਾਥੀਆਂ ਜਾਂ ਰਿਸ਼ਤੇਦਾਰਾਂ ਨੂੰ ਅਲਰਟ ਕਰ ਸਕਦੀਆਂ ਹਨ। ਐਪਲ ਵੌਚ ਐਮਰਜੈਂਸੀ ਤੌਰ ‘ਤੇ ਕਿਉਂ ਜ਼ਰੂਰੀ ਹੈ, ਇਸ ਦਾ ਇੱਕ ਹੋਰ ਉਦਾਹਰਨ ਸਾਹਮਣੇ ਆਇਆ ਹੈ। ਕੈਨੇਡਾ ਦੇ ਅਲਬਰਟਾ ਸੂਬੇ ਦੇ ਕੈਲਗਰੀ ‘ਚ ਰਹਿਣ ਵਾਲੀ ਔਰਤ ਨੇ ਜ਼ਿਣਸੀ ਸੋਸ਼ਣ ਤੋਂ ਬਚਾਉਣ ਦਾ ਕ੍ਰੈਡਿਟ ਐਪਲ ਸਮਾਰਟ ਵੌਚ ਨੂੰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਇੱਕ ਅਪਰੈਲ ਨੂੰ ਮਹਿਲਾ ਕੰਮ ਤੋਂ ਪਰਤਣ ਬਾਅਦ ਆਪਣੇ ਘਰ ‘ਚ ਸੁੱਤੀ ਪਈ ਸੀ ਤਾਂ ਇੰਨੇ ‘ਚ ਉਸ ਨੇ ਆਪਣੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣੀ ਜਿਸ ਨਾਲ ਉਸ ਦੀ ਨੀਂਦ ਖੁੱਲ੍ਹ ਗਈ। ਉਸ ਨੂੰ ਲੱਗਿਆ ਕਿ ਘਰ ‘ਚ ਕੋਈ ਵੜ ਗਿਆ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਫੋਨ ਤਕ ਜਾਣ ਦੀ ਕੋਸ਼ਿਸ਼ ਕੀਤੀ ਪਰ ਉਹ ਜਾ ਨਹੀਂ ਸਕੀ। ਇਸ ਤੋਂ ਬਾਅਦ ਉਸ ਨੇ ਐਪਲ ਸਮਾਰਟ ਵੌਚ ਨਾਲ ਆਪਣੇ ਬੁਆਏ ਫਰੈਂਡ ਨੂੰ ਇਸ ਦੀ ਸੂਚਨਾ ਦਿੱਤੀ। ਉਸ ਨੇ 911 ਹੈਲਪਲਾਈਨ ਨੰਬਰ ‘ਤੇ ਕਾਲ ਕਰ ਘਟਨਾ ਦੀ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦਰਵਾਜ਼ਾ ਤੋੜ ਕੇ ਸ਼ੱਕੀ ਵਿਅਕਤੀ ਜੌਨ ਜੋਸੇਫ ਮੈਕਇੰਡੋ ਨੂੰ ਮਹਿਲਾ ਦੀ ਰਸੋਈ ਵਿੱਚੋਂ ਕੱਢਿਆ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਹ ਮਹਿਲਾ ਦੇ ਰੇਪ ਦੀ ਪਲਾਨਿੰਗ ਇੱਕ ਹਫਤੇ ਤੋਂ ਕਰ ਰਿਹਾ ਸੀ। ਇਸ ਲਈ ਉਹ ਮਹਿਲਾ ਦੇ ਘਰ ‘ਚ ਦਾਖਲ ਹੋਇਆ।