ਨਵੀਂ ਦਿੱਲੀ: ਆਖਰਕਾਰ ਉਹ ਘੜੀ ਆ ਹੀ ਗਈ ਜਦੋਂ ਸਿੱਖ ਸ਼ਰਧਾਲੂ ਪਾਕਿਸਤਾਨ ‘ਚ ਸਥਿਤ ਪਹਿਲੀ ਪਾਤਸ਼ਾਹੀ ਨਾਲ ਸਬੰਧਤ ਗੁਰੂਘਰ ਦੇ ਦਰਸ਼ਨ ਆਸਾਨੀ ਨਾਲ ਕਰ ਸਕਣਗੇ। ਇਸ ਦੇ ਨਾਲ ਹੀ ਕਰਤਾਰਪੁਰ ਕੌਰੀਡੋਰ ਬਣ ਕੇ ਤਿਆਰ ਹੈ ਜੋ ਜਲਦੀ ਹੀ ਖੁੱਲ੍ਹਣ ਵਾਲਾ ਹੈ। ਇਸ ਦੇ ਨਾਲ ਹੀ ਬੀਤੇ ਦਿਨੀਂ ਦੋਵੇਂ ਦੇਸ਼ਾਂ ‘ਚ ਸਮਝੌਤੇ ‘ਤੇ ਦਸਤਖ਼ਤ ਹੋ ਗਏ ਹਨ। ਹੁਣ 10 ਨਵੰਬਰ ਨੂੰ ਇਹ ਕੌਰੀਡੋਰ ਖੁੱਲ੍ਹ ਜਾਵੇਗਾ।

ਇੱਥੇ ਜਾਣ ਦੇ ਤਰੀਕੇ, ਸ਼ਰਤਾਂ ਤੇ ਕੁਝ ਜ਼ਰੂਰੀ ਨਿਯਮਾਂ ਬਾਰੇ ਤੁਸੀਂ ਵੀ ਜਾਣ ਲਓ।

ਦੋਵਾਂ ਦੇਸ਼ਾਂ ‘ਚ ਕਈ ਸਮਝੌਤੇ ਹੋਏ ਹਨ, ਜਿਵੇਂ ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਵੀਜ਼ੇ ਦੀ ਲੋੜ ਨਹੀਂ, ਰੋਜ਼ ਘੱਟ ਤੋਂ ਘੱਟ 5 ਹਜ਼ਾਰ ਸ਼ਰਧਾਲੂ ਦਰਸ਼ਨਾਂ ਲਈ ਜਾ ਸਕਦੇ ਹਨ। ਜਾਣੋ ਹੋਰ ਨਿਯਮ-

1.
ਇਸ ਤੀਰਥ ਯਾਤਰੀ ਗਲਿਆਰੇ ‘ਚ ਕੋਈ ਵੀ ਭਾਰਤੀ ਜਾ ਸਕਦਾ ਹੈ। ਉਸ ਨੂੰ ਪਾਕਿਸਤਾਨ ਦਾ ਵੀਜ਼ਾ ਲੈਣ ਦੀ ਲੋੜ ਨਹੀਂ।

2.
ਬੇਸ਼ੱਕ ਯਾਤਰਾ ਲਈ ਵੀਜ਼ੇ ਦੀ ਲੋੜ ਨਹੀਂ ਪਰ ਸ਼ਰਧਾਲੂਆਂ ਕੋਲ ਵੈਲਿਡ ਪਾਸਪੋਰਟ ਜ਼ਰੂਰ ਹੋਣਾ ਚਾਹੀਦਾ ਹੈ।

3.
ਇਸ ਤੋਂ ਇਲਾਵਾ ਭਾਰਤੀ ਵਿਦੇਸ਼ੀ ਨਾਗਰਿਕਤਾ (ਓਸੀਆਈ। ਕਾਰਡਧਾਰਕਾਂ ਨੂੰ ਆਪਣਾ ਓਸੀਆਈ ਕਾਰਡ ਲੈ ਕੇ ਜਾਣਾ ਜ਼ਰੂਰੀ ਹੈ।

4.
ਇਹ ਕੌਰੀਡੋਰ ਸਵੇਰ ਤੋਂ ਸ਼ਾਮ ਤੱਕ ਹੀ ਖੁੱਲ੍ਹਾ ਰਹੇਗਾ। ਜੋ ਯਾਤਰੀ ਸਵੇਰੇ ਕੌਰੀਡੋਰ ‘ਚ ਜਾਣਗੇ, ਉਨ੍ਹਾਂ ਨੂੰ ਉਸੇ ਦਿਨ ਸ਼ਾਮ ਤਕ ਵਾਪਸ ਆਉਣਾ ਪਵੇਗਾ। ਇਸ ਲਾਂਘਾ ਸਾਰਾ ਸਾਲ ਖੁੱਲ੍ਹਾ ਰਹੇਗਾ। ਜੇਕਰ ਕਿਸੇ ਦਿਨ ਬੰਦ ਹੋਵੇਗਾ ਤਾਂ ਇਸ ਦੀ ਜਾਣਕਾਰੀ ਪਹਿਲਾਂ ਦਿੱਤੀ ਜਾਵੇਗੀ।

5.
ਯਾਤਰੀਆਂ ਕੋਲ ਇਕੱਲੇ, ਗਰੁੱਪ ਤੇ ਪੈਦਲ ਜਾਣ ਦਾ ਆਪਸ਼ਨ ਹੋਵੇਗਾ।

6.
ਜੋ ਵੀ ਯਾਤਰੀ ਕਰਤਾਰਪੁਰ ਕੌਰੀਡੋਰ ਜਾਣਾ ਚਾਹੇਗਾ, ਉਸ ਦੀ ਲਿਸਟ ਭਾਰਤ, ਪਾਕਿਸਤਾਨ ਨੂੰ 10 ਦਿਨ ਪਹਿਲਾਂ ਦੇਵੇਗਾ ਤੇ ਫੇਰ ਯਾਤਰਾ ਦੀ ਤਾਰੀਖ ਦੇ ਚਾਰ ਦਿਨ ਪਹਿਲਾਂ ਪਾਕਿ ਯਾਤਰੀਆਂ ਦਾ ਕੰਫਰਮੇਸ਼ਨ ਕਰੇਗਾ।

ਭਾਰਤ ਤੋਂ ਇਸ ਤੀਰਥ ਯਾਤਰਾ ਲਈ ਪਾਕਿਸਤਾਨ ਨੇ 20 ਡਾਲਰ ਫੀਸ ਦੀ ਸ਼ਰਤ ਰੱਖੀ ਹੈ। ਇਸ ਦੇ ਕਾਫੀ ਵਿਰੋਧ ਕਰਨ ਤੋਂ ਬਾਅਦ ਵੀ ਪਾਕਿ ਦੇ ਅੜੀਅਲ ਰਵੱਈਏ ਅੱਗੇ ਭਾਰਤ ਨੂੰ ਇਹ ਸ਼ਰਤ ਮੰਨਣੀ ਪਈ।