Covid-19: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾੱਮ ਕੰਪਨੀ ‘ਰਿਲਾਇੰਸ ਜੀਓ’ ਆਪਣੇ ਉਨ੍ਹਾਂ ਜੀਓਫ਼ੋਨ ਗਾਹਕਾਂ ਨੂੰ 300 ਮਿੰਟ ਮੁਫ਼ਤ ਆਊਟਗੋਇੰਗ ਕਾਲਿੰਗ ਦੀ ਸੁਵਿਧਾ ਦੇਵੇਗੀ, ਜੋ ਗਾਹਕ ਲੌਕਡਾਊਨ ਜਾਂ ਹੋਰ ਕਾਰਨਾਂ ਕਰ ਕੇ ਰੀਚਾਰਜ ਨਹੀਂ ਕਰਵਾ ਸਕ ਰਹੇ ਹਨ। ਬਿਨਾ ਰੀਚਾਰਜ ਕੀਤਿਆਂ ਜੀਓਫ਼ੋਨ ਗਾਹਕ ਹੁਣ 10 ਮਿੰਟ ਰੋਜ਼ਾਨਾ ਆਪਣੇ ਮੋਬਾਈਲ ’ਤੇ ਗੱਲ ਕਰ ਸਕਣਗੇ। 10 ਮਿੰਟ ਰੋਜ਼ਾਨਾ ਦੇ ਹਿਸਾਬ ਨਾਲ ਕੰਪਨੀ ਹਰ ਮਹੀਨੇ 300 ਮਿੰਟ ਮੁਫ਼ਤ ਆਊਟਗੋਇੰਗ ਕਾਲਿੰਗ ਦੀ ਸਹੂਲਤ ਦੇਵੇਗੀ।
ਇਨਕਮਿੰਗ ਕਾੱਲ ਪਹਿਲਾਂ ਵਾਂਗ ਹੀ ਮੁਫ਼ਤ ਰਹੇਗੀ। ਕੰਪਨੀ ਨੇ ਐਲਾਨ ਕੀਤਾ ਹੈ ਕਿ ਇਹ ਸੁਵਿਧਾ ਮਹਾਮਾਰੀ ਦੌਰਾਨ ਜਾਰੀ ਰਹੇਗੀ। ਇਸ ਨਾਲ ਕਰੋੜਾਂ ਜੀਓਫ਼ੋਨ ਖਪਤਕਾਰਾਂ ਨੂੰ ਫ਼ਾਇਦਾ ਹੋਵੇਗਾ। ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਲੌਕਡਾਊਨ ਲੱਗਾ ਹੈ, ਲੋਕ ਘਰਾਂ ਅੰਦਰ ਕੈਦ ਹਨ। ਅਜਿਹੇ ਹਾਲਾਤ ਵਿੱਚ ਮੋਬਾਈਲ ਰੀਚਾਰਜ ਕਰਵਾਉਣਾ ਔਖਾ ਹੋ ਗਿਆ ਹੈ। ਖ਼ਾਸ ਕਰ ਕੇ ਹਾਸ਼ੀਏ ਉੱਤੇ ਰਹਿ ਰਹੇ ਲੋਕਾਂ ਲਈ ਇਹ ਬਹੁਤ ਔਖਾ ਕੰਮ ਹੈ।
ਰਿਲਾਇੰਸ ਜੀਓ ਨੇ ਜੀਓਫ਼ੋਨ ਗਾਹਕਾਂ ਨੂੰ ਇਸ ਦੁਬਿਧਾ ’ਚੋਂ ਕੱਢਣ ਲਈ ਹੀ ਇਹ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਇੱਕ ਬਿਆਨ ’ਚ ਕਿਹਾ ਹੈ ਕਿ ਮਹਾਮਾਰੀ ਦੌਰਾਨ ਕੰਪਨੀ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਸਮਾਜ ਦਾ ਵਾਂਝਾ ਵਰਗ ਮੋਬਾਇਲ ਨਾਲ ਜੁੜਿਆ ਰਹੇ।
ਜਿਹੜੇ ਜੀਓ ਗਾਹਕ ਮੋਬਾਈਲ ਰੀਚਾਰਜ ਕਰ ਸਕਦੇ ਹਨ, ਉਨ੍ਹਾਂ ਲਈ ਵੀ ਰਿਲਾਇੰਸ ਜੀਓ ਕੋਲ ਇੱਕ ਵਿਸ਼ੇਸ਼ ਪਲੈਨ ਹੈ। ਜੀਓਫ਼ੋਨ ਦੇ ਹਰੇਕ ਰੀਚਾਰਜ ਉੱਤੇ ਕੰਪਨੀ ਉਸੇ ਕੀਮਤ ਦਾ ਇੱਕ ਵਾਧੂ ਪਲੈਨ ਮੁਫ਼ਤ ਦੇਵੇਗੀ। ਭਾਗ ਜੇ ਜੀਓਫ਼ੋਨ ਗਾਹਕ 75 ਰੁਪਏ ਦਾ 28 ਦਿਨਾਂ ਦੀ ਵੈਲੀਡਿਟੀ ਦਾ ਪਲੈਨ ਰੀਚਾਰਜ ਕਰਦਾ ਹੈ, ਤਾਂ ਉਸ ਨੂੰ 75 ਰੁਪਏ ਵਾਲਾ ਹੀ ਇੱਕ ਹੋਰ ਪਲੈਨ ਮੁਫ਼ਤ ’ਚ ਮਿਲੇਗਾ, ਜਿਸ ਨੂੰ ਗਾਹਕ ਪਹਿਲਾ ਰੀਚਾਰਜ ਖ਼ਤਮ ਹੋਣ ਤੋਂ ਬਾਅਦ ਵਰਤ ਸਕਣਗੇ।
ਰਿਲਾਇੰਸ ਫ਼ਾਊਂਡੇਸ਼ਨ ਲੋਕਾਂ ਨੂੰ ਮੋਬਾਈਲ ਨੈੱਟਵਰਕ ਨਾਲ ਜੋੜ ਕੇ ਰੱਖਣ ਲਈ ਰਿਲਾਇੰਸ ਜੀਓ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਰਿਲਾਇੰਸ ਜੀਓ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਨੇ ਦੇਸ਼ ਸਾਹਮਣੇ ਬਹੁਤ ਵੱਡੀ ਚੁਣੌਤੀ ਖੜ੍ਹੀ ਕੀਤੀ ਹੈ ਤੇ ਰਿਲਾਇੰਸ ਇਸ ਵੇਲੇ ਹਰੇਕ ਭਾਰਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।