ਹਾਲ ਹੀ 'ਚ ਸੈਮਸੰਗ (Samsung) 'ਤੇ ਇੱਕ ਕੇਸ ਦਾਇਰ ਕੀਤਾ ਗਿਆ, ਜਿਸ 'ਚ ਕੰਪਨੀ 'ਤੇ ਪਿਛਲੇ ਸਾਲ ਸੈਮਸੰਗ ਗਲੈਕਸੀ ਐਸ 20 (Samsung Galaxy S20) ਸੀਰੀਜ਼ 'ਚ ਮਾੜੀ ਕੁਆਲਿਟੀ ਦੇ ਕੈਮਰਾ ਸ਼ੀਸ਼ੇ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਦੇ ਨਾਲ ਹੀ, ਦੂਜੀ ਵੱਡੀ ਕੰਪਨੀ ਐਪਲ (Apple) 'ਤੇ ਵੀ ਦੋ ਸਾਲ ਪੁਰਾਣੇ ਹਾਦਸੇ ਕਾਰਨ ਅਦਾਲਤ ਵਿੱਚ ਮੁਕੱਦਮਾ ਚੱਲਿਆ ਹੈ। ਸੈਮਸੰਗ ਦੀ ਤਰ੍ਹਾਂ, ਐਪਲ ਦਾ ਇਹ ਕੇਸ ਵੀ ਯੂਐਸ ਵਿੱਚ ਹੈ, ਜਿੱਥੇ ਟੈਕਸਾਸ ਦੇ ਖੇਤਰ ਵਿੱਚ ਰੌਬਰਟ ਫਰੈਂਕਲਿਨ ਨਾਮ ਦੇ ਇੱਕ ਵਿਅਕਤੀ ਨੇ ਦੋ ਸਾਲਾਂ ਪੁਰਾਣੀ ਗੱਲ ਲਈ ਐਪਲ ਕੰਪਨੀ ਨੂੰ ਅਦਾਲਤ ਵਿੱਚ ਘਸੀਟਿਆ ਹੈ।
ਐਪਲ ਕੰਪਨੀ ਖਿਲਾਫ ਮੋਬਾਈਲ ਫੋਨਾਂ 'ਚ ਡਿਫੈਕਟਿਵ ਬੈਟਰੀ ਵਰਤਣ ਤੇ ਵਾਰੰਟੀ ਨਿਯਮਾਂ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੱਸ ਦਈਏ ਕਿ ਸੈਮਸੰਗ ਕੰਪਨੀ ਖਿਲਾਫ ਡਿਫੈਕਟਿਵ ਮੈਟੀਰੀਅਲ ਦੀ ਵਰਤੋਂ ਕਰਨ ਤੇ ਵਾਰੰਟੀ ਨਿਯਮ ਨੂੰ ਤੋੜਨ ਲਈ ਕੇਸ ਕੀਤਾ ਗਿਆ ਹੈ। ਐਪਲ 'ਤੇ ਦਾਇਰ ਕੀਤਾ ਗਿਆ ਇਹ ਕੇਸ ਅਸਲ ਵਿੱਚ ਦੋ ਸਾਲ ਪਹਿਲਾਂ 2019 ਵਿੱਚ ਆਈਫੋਨ 6 ਵਿੱਚ ਲੱਗੀ ਅੱਗ ਨਾਲ ਸਬੰਧਤ ਹੈ।
ਰੌਬਰਟ ਨਾਮ ਦੇ ਇੱਕ ਵਿਅਕਤੀ ਨੇ ਸ਼ਿਕਾਇਤ ਲਿਖਵਾਈ ਹੈ ਕਿ ਸਾਲ 2018 ਵਿੱਚ ਉਸ ਨੇ ਇੱਕ ਆਈਫੋਨ 6 ਖਰੀਦਿਆ ਸੀ, ਜਿਸ ਵਿੱਚ ਕੰਪਨੀ ਨੇ ਡਿਫੈਕਟਿਵ ਬੈਟਰੀ ਦੀ ਵਰਤੋਂ ਕੀਤੀ ਸੀ। ਰਿਪੋਰਟ ਅਨੁਸਾਰ, ਫੋਨ ਖਰੀਦਣ ਤੋਂ ਅਗਲੇ ਸਾਲ, 2019 ਵਿੱਚ ਰੌਬਰਟ ਆਪਣੇ ਆਈਫੋਨ 6 ਮਾਡਲ ਵਿੱਚ ਗਾਣੇ ਸੁਣ ਰਿਹਾ ਸੀ। ਇਸ ਦੌਰਾਨ ਫੋਨ ਨੂੰ ਅੱਗ ਲੱਗ ਗਈ ਤੇ ਉਹ ਯੂਜ਼ਰ ਦੇ ਮੂੰਹ ਨਜ਼ਦੀਕ ਬਲਾਸਟ ਹੋ ਗਿਆ।
ਆਈਫੋਨ 6 ਯੂਜ਼ਰ ਦੇ ਅਨੁਸਾਰ ਹਾਦਸੇ ਵਿੱਚ ਉਹ ਯੂਜ਼ਰ ਵੀ ਕਾਫੀ ਜ਼ਖਮੀ ਹੋ ਗਿਆ ਸੀ ਤੇ ਉਸ ਦੀ ਬਾਂਹ ਤੇ ਅੱਖ ਜ਼ਖਮੀ ਹੋ ਗਈ। ਰਿਪੋਰਟ 'ਚ ਰੌਬਰਟ ਨੇ ਲਿਖਿਆ ਹੈ ਕਿ ਸੱਟ ਲੱਗਣ ਕਾਰਨ ਉਸ ਨੂੰ ਵਿੱਤੀ ਨੁਕਸਾਨ ਵੀ ਹੋਇਆ ਤੇ ਇਹ ਸਭ ਐਪਲ ਕੰਪਨੀ ਦੇ ਮਾੜੇ ਉਤਪਾਦ ਕਾਰਨ ਹੋਇਆ। ਅਦਾਲਤ 'ਚ ਸ਼ਿਕਾਇਤ ਕੀਤੀ ਹੈ ਕਿ ਐਪਲ ਨੇ ਫੋਨ ਵਿੱਚ ਮਾੜੇ ਕੰਪੋਨੈਂਟਸ ਇਸਤੇਮਾਲ ਕੀਤੇ ਤੇ ਕੰਪਨੀ ਨੇ ਵਾਰੰਟੀ ਨਿਯਮ ਦੀ ਉਲੰਘਣਾ ਕਰਦਿਆਂ ਕੋਈ ਵੀ ਹਰਜਾਨਾ ਨਹੀਂ ਭਰਿਆ।