ਨੋਇਡਾ ਦੇ ਇਕ ਕਾਰੋਬਾਰੀ ਦੇ ਉਸ ਸਮੇਂ ਹੋਸ਼ ਉੱਡ ਗਏ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ 28 ਲੱਖ ਰੁਪਏ ਦਾ ਚੂਨਾ ਲੱਗਿਆ ਹੈ। ਦਿਨੇਸ਼ ਕੁਮਾਰ ਨਾਂ ਦੇ ਵਪਾਰੀ ਨੂੰ ਉਮੀਦ ਸੀ ਕਿ ਉਹ ਸ਼ੇਅਰ ਬਾਜ਼ਾਰ ਤੋਂ ਵੱਡਾ ਮੁਨਾਫਾ ਕਮਾਏਗਾ। ਦਿਨੇਸ਼ ਨੂੰ ਸ਼ਾਇਦ ਹੀ ਕੋਈ ਅੰਦਾਜ਼ਾ ਹੋਵੇ ਕਿ ਉਨ੍ਹਾਂ ਨਾਲ ਠੱਗੀ ਵੱਜਣ ਵਾਲੀ ਹੈ। ਦਰਅਸਲ, ਦਿਨੇਸ਼ ਕੁਮਾਰ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਹੋਇਆ ਸੀ ਜਿੱਥੇ ਉਸ ਨੂੰ ਸਟਾਕ ਮਾਰਕੀਟ ਨਾਲ ਸਬੰਧਤ ਅਜਿਹੇ Tips ਦੇਣ ਦਾ ਵਾਅਦਾ ਕੀਤਾ ਗਿਆ ਜਿਸ ਨਾਲ ਉਸ ਨੂੰ ਭਾਰੀ ਮੁਨਾਫ਼ਾ ਕਮਾਉਣ ਵਿੱਚ ਮਦਦ ਮਿਲੇ। ਸ਼ੁਰੂ ਵਿੱਚ ਅਜਿਹਾ ਹੋਇਆ ਵੀ, ਪਰ ਕੁਝ ਸਮੇਂ ਬਾਅਦ ਕਹਾਣੀ ਬਦਲ ਗਈ।


ਦਿਨੇਸ਼ ਕੁਮਾਰ ਨੂੰ ਕੁਝ ਦਿਨ ਮੁਨਾਫਾ ਹੋਇਆ ਅਤੇ ਫਿਰ ਘਾਟਾ ਹੋਣ ਲੱਗਾ। ਉਹ ਲਗਾਤਾਰ ਇਸ ਨੁਕਸਾਨ ਦਾ ਸਾਹਮਣਾ ਕਰ ਰਹੇ ਸਨ। ਜਦੋਂ ਉਸ ਨੇ ਵਟਸਐਪ ਗਰੁੱਪ 'ਤੇ ਇਸ ਬਾਰੇ ਗੱਲ ਕੀਤੀ ਤਾਂ ਉਸ ਨੂੰ ਹੋਰ ਵੀ ਝੂਠੇ ਵਾਅਦੇ ਕੀਤੇ ਗਏ। ਇਸ ਤੋਂ ਬਾਅਦ ਕੁਮਾਰ ਨੇ ਹੋਰ ਪੈਸੇ ਲਗਾ ਦਿੱਤੇ। ਉਸ ਨੇ ਠੱਗਾਂ ਨਾਲ ਇਕ ਟਰੇਡਿੰਗ ਖਾਤਾ ਖੋਲ੍ਹਿਆ ਹੋਇਆ ਸੀ ਜਿੱਥੇ ਉਹ ਪੈਸੇ ਜਮ੍ਹਾਂ ਕਰ ਰਿਹਾ ਸੀ। ਕੁਮਾਰ ਨੇ ਹੌਲੀ-ਹੌਲੀ ਕੁੱਲ 27.57 ਲੱਖ ਰੁਪਏ ਜਮ੍ਹਾ ਕਰਵਾਏ ਅਤੇ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ।


ਪੁਲਿਸ ਨੂੰ ਕੀਤਾ ਸੂਚਿਤ
ਧੋਖਾਧੜੀ ਦਾ ਪਤਾ ਲੱਗਣ ’ਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਆਈਪੀਸੀ ਅਤੇ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਅਜਿਹਾ ਹੋਇਆ ਹੈ। ਇਸ ਤੋਂ ਪਹਿਲਾਂ ਮੁੰਬਈ ਤੋਂ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ ਜਦੋਂ ਇੱਕ ਬਜ਼ੁਰਗ ਵਿਅਕਤੀ ਨਾਲ ਇਸ ਤਰ੍ਹਾਂ ਦੀ ਠੱਗੀ ਮਾਰੀ ਗਈ ਸੀ।


ਔਨਲਾਈਨ ਸਕੈਮ ਤੋਂ ਕਿਵੇਂ ਬਚੀਏ


ਕਿਸੇ ਵੀ ਅਣਜਾਣ ਵਿਅਕਤੀ ਤੋਂ ਆਨਲਾਈਨ ਮਿਲਣ ਵਾਲੀ ਕਿਸੇ ਵੀ ਸਲਾਹ 'ਤੇ ਭਰੋਸਾ ਨਾ ਕਰੋ।


ਕਿਸੇ ਵੀ ਪਲੇਟਫਾਰਮ 'ਤੇ ਪੈਸਾ ਲਗਾਉਣ ਤੋਂ ਪਹਿਲਾਂ, ਉਸ ਬਾਰੇ ਸਾਰੀ ਜਾਣਕਾਰੀ ਇਕੱਠੀ ਕਰੋ।


ਆਪਣੀ ਲੌਗਇਨ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰੋ।


ਜੇਕਰ ਕੋਈ ਤੁਹਾਨੂੰ ਦੱਸਦਾ ਹੈ ਕਿ ਤੁਹਾਨੂੰ ਕਈ ਗੁਣਾ ਲਾਭ ਮਿਲੇਗਾ, ਤਾਂ ਤੁਰੰਤ ਸੁਚੇਤ ਹੋ ਜਾਓ।


ਸਿਰਫ਼ ਉਨ੍ਹਾਂ ਦਲਾਲਾਂ ਤੋਂ ਸਲਾਹ ਲਓ ਜੋ ਸੇਬੀ ਦੁਆਰਾ ਪ੍ਰਮਾਣਿਤ ਹਨ।