How to reduce electricity bill: ਜਿਵੇਂ-ਜਿਵੇਂ ਗਰਮੀਆਂ ਨੇੜੇ ਆ ਰਹੀਆਂ ਹਨ, ਘਰ ਵਿੱਚ ਉਪਕਰਨਾਂ ਦੀ ਜ਼ਰੂਰਤ ਵੀ ਵਧਦੀ ਜਾ ਰਹੀ ਹੈ। ਘਰ 'ਚ ਕੂਲਰ, ਏਸੀ, ਪੱਖੇ ਤਾਂ ਚੱਲਣਗੇ ਹੀ, ਠੰਢੇ ਪਾਣੀ ਲਈ ਫਰਿੱਜ ਦਾ ਵੀ ਖੂਬ ਇਸਤੇਮਾਲ ਹੋਵੇਗਾ ਪਰ ਇਸ ਸਭ ਦੇ ਨਾਲ ਹੁਣ ਇੱਕ ਚੀਜ਼ ਜੋ ਤੁਹਾਨੂੰ ਪ੍ਰੇਸ਼ਾਨ ਕਰੇਗੀ, ਉਹ ਬਿਜਲੀ ਦਾ ਬਿੱਲ ਹੈ।
ਜੀ ਹਾਂ, ਗਰਮੀਆਂ 'ਚ ਘਰ ਠੰਢਾ ਹੋਵੇ ਤਾਂ ਆਰਾਮ ਮਿਲਦਾ ਹੈ ਪਰ ਵਧਦੇ ਬਿਜਲੀ ਬਿੱਲ ਨੂੰ ਦੇਖ ਕੇ ਤਣਾਅ ਵੀ ਦੁੱਗਣਾ ਹੋ ਜਾਂਦਾ ਹੈ। ਹੁਣ ਸਵਾਲ ਇਹ ਹੈ ਕਿ ਬਿਜਲੀ ਦੇ ਬਿੱਲ ਨੂੰ ਕਿਵੇਂ ਘੱਟ ਕੀਤਾ ਜਾਵੇ ਕਿਉਂਕਿ ਗਰਮੀ ਦੇ ਮੌਸਮ ਵਿੱਚ ਕੁਝ ਚੀਜ਼ਾਂ ਬਹੁਤ ਜ਼ਰੂਰੀ ਹੋ ਜਾਂਦੀਆਂ ਹਨ।
ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਘਰ ਦੇ ਬਿਜਲੀ ਬਿੱਲ ਨੂੰ ਕਾਫੀ ਹੱਦ ਤੱਕ ਘਟਾ ਸਕਦੇ ਹੋ। ਆਓ ਜਾਣਦੇ ਹਾਂ ਬਿਜਲੀ ਦੇ ਬਿੱਲ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ।
1. ਸਵਿੱਚ ਆਫ ਜ਼ਰੂਰੀ
ਇਹ ਬਹੁਤ ਹੀ ਆਮ ਗੱਲ ਹੈ ਕਿ ਕਈ ਵਾਰ ਅਸੀਂ ਪੱਖਾ ਜਾਂ ਲਾਈਟ ਚਾਲੂ ਛੱਡ ਦਿੰਦੇ ਹਾਂ ਪਰ ਅਜਿਹਾ ਕਰਨਾ ਗਲਤ ਹੈ। ਇਸ ਲਈ ਜਦੋਂ ਤੁਸੀਂ ਇੱਕ ਕਮਰਾ ਛੱਡਦੇ ਹੋ ਤਾਂ ਲਾਈਟਾਂ ਤੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਬੰਦ ਕਰਨਾ ਨਾ ਭੁੱਲੋ। ਭਾਵੇਂ ਇਹ ਥੋੜ੍ਹੇ ਸਮੇਂ ਲਈ ਹੀ ਹੋਵੇ ਕਿਉਂਕਿ ਸਮੁੰਦਰ ਬੂੰਦ-ਬੂੰਦ ਭਰਦਾ ਹੈ।
2. ਡਿਵਾਈਸ ਲਈ ਵੀ ਸਵਿੱਚ ਆਫ ਜ਼ਰੂਰੀ
ਇਸੇ ਤਰ੍ਹਾਂ ਜੇਕਰ ਤੁਸੀਂ ਫੋਨ ਚਾਰਜਰ ਤੇ ਲੈਪਟਾਪ ਵਰਗੀਆਂ ਡਿਵਾਈਸਾਂ ਦੀ ਵਰਤੋਂ ਨਹੀਂ ਕਰ ਰਹੇ ਹੋ, ਤਾਂ ਉਨ੍ਹਾਂ ਨੂੰ ਸਵਿਚ ਆਫ ਕਰੋ ਤੇ ਬੋਰਡ ਤੋਂ ਤਾਰ ਹਟਾ ਦਿਓ। ਇਹ ਇਸ ਲਈ ਕਿਉਂਕਿ ਉਹ ਚਾਲੂ ਰਹਿਣਗੇ ਤੇ ਬਿਜਲੀ ਵੀ ਖਿੱਚਦੇ ਰਹਿਣਗੇ।
3. ਟੀਵੀ ਦਾ ਸਟੈਂਡਬਾਏ ਮੋਡ
ਤੁਸੀਂ ਆਮ ਤੌਰ 'ਤੇ ਦੇਖਿਆ ਹੋਵੇਗਾ ਕਿ ਅਸੀਂ ਰਿਮੋਟ ਨਾਲ ਟੀਵੀ ਨੂੰ ਬੰਦ ਕਰ ਦਿੰਦੇ ਹਾਂ ਤੇ ਇਸ ਦਾ ਸਵਿੱਚ ਪੂਰਾ ਸਮਾਂ ਚਾਲੂ ਰਹਿੰਦਾ ਹੈ। ਇਸ ਨੂੰ ਸਟੈਂਡਬਾਏ ਮੋਡ ਕਿਹਾ ਜਾਂਦਾ ਹੈ। ਟੀਵੀ ਨੂੰ ਕਦੇ ਵੀ ਸਟੈਂਡਬਾਏ 'ਤੇ ਨਾ ਛੱਡੋ। ਇਸ ਨਾਲ ਬਿਜਲੀ ਦੀ ਬਰਬਾਦੀ ਹੁੰਦੀ ਹੈ ਤੇ ਬਿਜਲੀ ਦਾ ਬਿੱਲ ਬੇਲੋੜਾ ਵਧ ਸਕਦਾ ਹੈ।
4. ਏਅਰ ਕੰਡੀਸ਼ਨਰ ਦੀ ਸੈਟਿੰਗ
ਗਰਮੀਆਂ ਵਿੱਚ ਏਅਰ ਕੰਡੀਸ਼ਨਰ (ਏਸੀ) ਤੋਂ ਬਿਨਾਂ ਜ਼ਿੰਦਾ ਰਹਿਣਾ ਅਸੰਭਵ ਲੱਗਦਾ ਹੈ ਪਰ ਇਹ ਵੀ ਸੱਚ ਹੈ ਕਿ ਏਸੀ ਚਲਾਉਣ ਨਾਲ ਬਿਜਲੀ ਦਾ ਬਿੱਲ ਵੀ ਖੂਬ ਆਉਂਦਾ ਹੈ। ਇਸ ਲਈ ਇੱਕ ਗੱਲ਼ ਪੱਲੇ ਬੰਨ੍ਹ ਲਵੋ ਕਿ ਜੇਕਰ ਤੁਸੀਂ ਏਸੀ ਦੀ ਵਰਤੋਂ ਸਮਝਦਾਰੀ ਨਾਲ ਕਰਦੇ ਹੋ ਤਾਂ ਆਸਾਨੀ ਨਾਲ ਬਿਜਲੀ ਦੇ ਬਿੱਲ ਦੀ ਬੱਚਤ ਕਰ ਸਕਦੇ ਹੋ। AC ਨੂੰ 24-26 ਡਿਗਰੀ 'ਤੇ ਚਲਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਇਹ ਸਮੇਂ-ਸਮੇਂ 'ਤੇ ਸਵਿੱਚ ਆਫ ਹੁੰਦਾ ਰਹੇ ਤੇ ਕਮਰੇ ਦੀ ਠੰਢਕ ਵੀ ਬਰਕਰਾਰ ਰਹੇ।
5. ਫਾਈਵ ਸਟਾਰ ਰੇਟਿੰਗ ਵਾਲੇ ਉਪਕਰਨ
ਤੁਸੀਂ 5 ਸਟਾਰ ਰੇਟਿਡ ਉਪਕਰਣਾਂ ਨਾਲ ਬਹੁਤ ਸਾਰੀ ਬਿਜਲੀ ਬਚਾ ਸਕਦੇ ਹੋ। ਜੇਕਰ ਤੁਸੀਂ 5 ਸਟਾਰ ਰੇਟਿੰਗ ਵਾਲੀਆਂ ਚੀਜ਼ਾਂ 'ਤੇ ਅਪਗ੍ਰੇਡ ਕਰਦੇ ਹੋ, ਤਾਂ ਤੁਸੀਂ ਆਪਣੀ ਬਿਜਲੀ ਦੀ ਖਪਤ ਨੂੰ ਲਗਪਗ 40% ਤੱਕ ਘਟਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ 5 ਸਟਾਰ ਏਸੀ ਖਰੀਦਦੇ ਹੋ ਤਾਂ ਤੁਸੀਂ ਬਿਜਲੀ ਦੇ ਬਿੱਲ 'ਤੇ 30% ਦੀ ਬਚਤ ਕਰ ਸਕਦੇ ਹੋ।