ਨਵੀਂ ਦਿੱਲੀ: ਇਨਪੁੱਟ ਖਰਚੇ ਵਿੱਚ ਤੇਜ਼ੀ ਨਾਲ ਵਾਧੇ ਦੇ ਕਾਰਨ ਟੈਲੀਵਿਜ਼ਨ, ਫਰਿੱਜ, ਵਾਸ਼ਿੰਗ ਮਸ਼ੀਨ ਤੇ ਏਅਰ ਕੰਡੀਸ਼ਨਰ ਤੇ ਮਾਈਕ੍ਰੋਵੇਵ ਓਵਨ ਇਸ ਮਹੀਨੇ ਦੇ ਅੰਤ ਤੱਕ 20 ਪ੍ਰਤੀਸ਼ਤ ਵਧੇਰੇ ਮਹਿੰਗੇ ਹੋ ਸਕਦੇ ਹਨ। ਵ੍ਹਾਈਟ ਗੁੱਡਸ ਬਣਾਉਣ ਵਾਲੀਆਂ ਕੰਪਨੀਆਂ ਅਨੁਸਾਰ ਇਨਪੁੱਟ ਖਰਚੇ 15 ਤੋਂ 40 ਪ੍ਰਤੀਸ਼ਤ ਤੱਕ ਵਧੇ ਹਨ, ਇਸ ਲਈ ਇਹ ਉਤਪਾਦ ਮਹਿੰਗੇ ਹੋਣ ਦੀ ਉਮੀਦ ਹੈ।


ਕੰਪਨੀਆਂ ਦੇ ਸੂਤਰਾਂ ਅਨੁਸਾਰ ਪਿਛਲੇ ਦਿਨਾਂ ਵਿੱਚ ਜ਼ਿੰਕ, ਅਲਮੀਨੀਅਮ, ਸਟੀਲ, ਪਲਾਸਟਿਕ ਤੇ ਫੋਮਿੰਗ ਏਜੰਟ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਉੱਥੇ ਹੀ ਸਮੁੰਦਰ ਜ਼ਰੀਏ ਢੁਆਈ ਦੀ ਆਵਾਜਾਈ ਵੀ ਮਹਿੰਗੀ ਹੋ ਗਈ ਹੈ। ਇਹ 40 ਤੋਂ 50 ਪ੍ਰਤੀਸ਼ਤ ਤੱਕ ਵਧਿਆ ਹੈ। ਟੈਲੀਵਿਜ਼ਨ ਪੈਨਲ ਦਾ ਉਤਪਾਦਨ ਵਿਸ਼ਵ ਭਰ ਵਿੱਚ ਘਟਿਆ ਹੈ ਤੇ ਇਸ ਦੀਆਂ ਕੀਮਤਾਂ ਵਿੱਚ 30 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।




ਕੰਪਨੀਆਂ ਦਾ ਕਹਿਣਾ ਹੈ ਕਿ ਹੁਣ ਸ਼ਾਇਦ ਕੀਮਤਾਂ ਦੇ ਵਾਧੇ ਤੋਂ ਬਚਣਾ ਮੁਸ਼ਕਲ ਹੋਵੇਗਾ। ਪਿਛਲੇ ਕੁਝ ਮਹੀਨਿਆਂ ਤੋਂ ਕੋਵਿਡ -19 ਦੇ ਕਾਰਨ ਨਿਰਮਾਤਾਵਾਂ ਨੇ ਕੀਮਤਾਂ ਵਿੱਚ ਵਾਧਾ ਕਰਨਾ ਬੰਦ ਕਰ ਦਿੱਤਾ ਸੀ। ਫੈਸਟਿਵ ਸੀਜ਼ਨ ਦੌਰਾਨ ਵੀ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਸੀ।


ਇਕੋਨੋਮਿਕ ਟਾਈਮਜ਼ ਦੀ ਖਬਰ ਅਨੁਸਾਰ ਕੰਜ਼ਿਊਮਰ ਇਲੈਕਟ੍ਰਾਨਿਕਸ ਤੇ ਅਪਲਾਈਏਂਸੀਜ਼ ਮੈਨੀਫੈਕਚਰਰਸ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਨੰਦੀ ਨੇ ਕਿਹਾ ਕਿ ਸਾਰੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਲਈ ਹੁਣ ਕੀਮਤਾਂ ਵਿੱਚ ਹੋਏ ਵਾਧੇ ਨੂੰ ਰੋਕਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਇੱਕੋ ਵਾਰ 'ਚ ਕੀਮਤਾਂ 'ਚ 20 ਪ੍ਰਤੀਸ਼ਤ ਵਾਧਾ ਹੋਣ ਦੀ ਉਮੀਦ ਹੈ। ਐਲਜੀ ਇਲੈਕਟ੍ਰਾਨਿਕਸ ਦੇ ਉਪ ਪ੍ਰਧਾਨ ਵਿਜੇ ਬਾਬੂ ਨੇ ਕਿਹਾ ਕਿ ਵਾਸ਼ਿੰਗ ਮਸ਼ੀਨ ਤੇ ਏਅਰ ਕੰਡੀਸ਼ਨਰ ਅੱਠ ਤੋਂ ਦਸ ਪ੍ਰਤੀਸ਼ਤ ਵਧੇਰੇ ਮਹਿੰਗੇ ਹੋ ਸਕਦੇ ਹਨ।