ਨਵੀਂ ਦਿੱਲੀ: ਇੰਜ ਜਾਪਦਾ ਹੈ ਜਿਵੇਂ ਫੇਸਬੁੱਕ ਤੇ ਡੇਟਾ ਲੀਕ ਹੋਣ ਦਾ ਜਨਮਾਂ ਜਨਮਾਂ ਦਾ ਸਾਥ ਹੈ। ਪਿਛਲੇ 15 ਸਾਲਾਂ ‘ਚ ਹਰ ਸਾਲ ਫੇਸਬੁੱਕ ਦਾ ਡੇਟਾ ਲੀਕ ਹੋਇਆ ਹੈ ਤੇ ਹਰ ਵਾਰ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਮੁਆਫੀ ਮੰਗੀ ਹੈ। ਫੇਸਬੁੱਕ ਦੇ 26 ਕਰੋੜ ਯੂਜ਼ਰਸ ਦਾ ਡਾਟਾ ਇੱਕ ਵਾਰ ਫਿਰ ਲੀਕ ਹੋਇਆ ਹੈ।

ਸਾਰੇ 26.7 ਕਰੋੜ ਫੇਸਬੁੱਕ ਉਪਭੋਗਤਾਵਾਂ ਦਾ ਡਾਟਾ ਡਾਰਕ ਵੈੱਬ ‘ਤੇ 542 ਡਾਲਰ ਯਾਨੀ ਲਗਪਗ 41,600 ਕਰੋੜ ਰੁਪਏ ‘ਚ ਵੇਚਿਆ ਜਾ ਰਿਹਾ ਹੈ। ਲੀਕ ਹੋਏ ਅੰਕੜਿਆਂ ‘ਚ ਯੂਜ਼ਰਸ ਦਾ ਨਾਂ, ਫੇਸਬੁੱਕ ਆਈਡੀ ਨੰਬਰ, ਉਮਰ, ਆਖਰੀ ਕਨੈਕਸ਼ਨ ਤੇ ਮੋਬਾਈਲ ਨੰਬਰ ਸ਼ਾਮਲ ਹੈ, ਹਾਲਾਂਕਿ ਲੀਕ ਹੋਏ ਡਾਟਾ ਵਿੱਚ ਪਾਸਵਰਡ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ। ਇਹ ਡੇਟਾ ਪਿਸ਼ਿੰਗ ਅਟੈਕ ਤੇ ਸਪੈਮ ਈ-ਮੇਲ ਲਈ ਵਰਤੇ ਜਾ ਸਕਦੇ ਹਨ।



ਸੁਰੱਖਿਆ ਖੋਜਕਰਤਾ ਬੌਬ ਡਿਆਚੇਨਕੋ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਫੇਸਬੁੱਕ ਦੇ ਡੇਟਾ ਲੀਕ ਦੀ ਇਹ ਰਿਪੋਰਟ ਪਹਿਲਾਂ comparitech ਵੈੱਬਸਾਈਟ ‘ਤੇ ਪ੍ਰਕਾਸ਼ਤ ਕੀਤੀ ਗਈ। ਰਿਪੋਰਟ ‘ਚ ਕਿਹਾ ਗਿਆ ਹੈ ਕਿ 26.7 ਕਰੋੜ ਫੇਸਬੁੱਕ ਯੂਜ਼ਰਸ ਦਾ ਡੇਟਾ Elastisearch ਸਰਵਰ ‘ਤੇ ਮੌਜੂਦ ਹੈ।

ਇਸ ਤੋਂ ਇਲਾਵਾ, ਡੇਟਾ ਹੈਕਰਜ਼ ਫੋਰਮ ‘ਤੇ ਵੀ ਅਪਲੋਡ ਕੀਤਾ ਗਿਆ ਹੈ। ਇਹ ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਯੂਜ਼ਰਸ ਦਾ ਇਹ ਡੇਟਾ ਥਰਡ ਪਾਰਟੀ ਐਪਸ ਤੇ ਕੈਸ਼-ਕੂਕੀਜ਼ ਵਲੋਣ ਲੀਕ ਕੀਤਾ ਗਿਆ ਹੈ। ਇਸ ਦੇ ਨਾਲ, ਸਾਈਬਰ ਦੇ ਖੋਜਕਰਤਾਵਾਂ ਨੇ ਵੀ ਤਸਦੀਕ ਕਰਨ ਲਈ ਡੇਟਾ ਖਰੀਦਿਆ ਹੈ।