ਨਵੀਂ ਦਿੱਲੀ: ਅਮਰੀਕਨ ਮੋਟਰਸਾਈਕਲ ਕੰਪਨੀ ਹਾਰਲੇ ਡੇਵਿਡਸਨ ਨੇ ਦੁਨੀਆ ਭਰ ਵਿੱਚੋਂ ਆਪਣੇ 43,908 ਸਟ੍ਰੀਟ ਮੋਟਰਸਾਈਕਲਜ਼ ਨੂੰ ਵਾਪਸ ਮੰਗਵਾਇਆ ਹੈ। ਇਸ ਰੀਕਾਲ ਵਿੱਚ ਹਾਰਲੇ ਡੇਵਿਡਸਨ ਸਟ੍ਰੀਟ 500, 700 ਤੇ ਰੋਡ ਵੇਰੀਐਂਟ ਸ਼ਾਮਲ ਹਨ, ਜਿਨ੍ਹਾਂ ਨੂੰ ਮਈ 2015 ਤੋਂ ਦਸੰਬਰ 2018 ਦੌਰਾਨ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਕੰਪਨੀ ਕਈ ਵਾਰ ਆਪਣੇ ਮੋਟਰਸਾਈਕਲਾਂ ਨੂੰ ਵਾਪਸ ਮੰਗਵਾ ਚੁੱਕੀ ਹੈ। ਪਿਛਲੇ ਸਾਲ ਹੀ ਕੰਪਨੀ ਨੇ ਬ੍ਰੇਕਿੰਗ ਸਿਸਟਮ ਵਿੱਚ ਗੜਬੜ ਕਾਰਨ 2,51,000 ਯੂਨਿਟ ਨੂੰ ਰੀਕਾਲ ਕੀਤਾ ਗਿਆ। ਉੱਥੇ ਹੀ ਕਲੱਚ ਵਿੱਚ ਆਈ ਗੜਬੜੀ ਕਾਰਨ ਕੰਪਨੀ ਹੁਣ ਤਕ 2,40,000 ਮੋਟਰਸਾਈਕਲਾਂ ਨੂੰ ਵਾਪਸ ਮੰਗਵਾ ਚੁੱਕੀ ਹੈ। ਕੰਪਨੀ ਪਿਛਲੇ ਪੰਜ ਸਾਲਾਂ ਵਿੱਚ ਚਾਰ ਵਾਰ ਮੋਟਰਸਾਈਕਲਾਂ ਨੂੰ ਵਾਪਸ ਮੰਗਵਾ ਚੁੱਕੀ ਹੈ, ਜਿਸ ਕਾਰਨ ਹਾਰਲੇ ਡੇਵਿਡਸਨ ਦੀ ਕੌਮਾਂਤਰੀ ਵਿਕਰੀ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਾਰਲੇ ਡੇਵਿਡਸਨ ਸਟ੍ਰੀਟ ਰੇਂਜ ਦੇ ਮੋਟਰਸਾਈਕਲ ਨੂੰ ਅਮਰੀਕਾ ਵਿੱਚ ਤਿਆਰ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਇਹ ਮੋਟਰਸਾਈਕਲ ਭਾਰਤ ਵਿੱਚ ਵੀ ਤਿਆਰ ਕੀਤੇ ਜਾਂਦੇ ਹਨ। ਭਾਰਤ ਵਿੱਚ ਤਿਆਰ ਕੀਤੇ ਮੋਟਰਸਾਈਕਲਾਂ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਵੀ ਭੇਜਿਆ ਜਾਂਦਾ ਹੈ। ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਭਾਰਤ ਵਿੱਚ ਕਿੰਨੇ ਮੋਟਰਸਾਈਕਲ ਪ੍ਰਭਾਵਿਤ ਹੋਏ ਹਨ। ਪਰ ਕਰੂਜ਼ਰ ਸਪੈਸ਼ਲਿਸਟ ਮੁਤਾਬਕ ਅਮਰੀਕਾ ਵਿੱਚ ਤਕਰੀਬਨ 12,800 ਯੂਨਿਟ ਵਿੱਚ ਗੜਬੜੀ ਪਾਈ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਰੀਕਾਲ ਕੁਝ ਮੋਟਰਸਾਈਕਲਾਂ ਦੇ ਬ੍ਰੇਕ ਕੈਲਿਪਰ ਪਿਸਟਨ ਵਿੱਚ ਜਰ ਲੱਗਣ ਦੀ ਸਮੱਸਿਆ ਕਾਰਨ ਕੀਤਾ ਗਿਆ ਹੈ। ਜਰ ਲੱਗਣ ਕਾਰਨ ਬ੍ਰੇਕ ਪੈਡ ਕੰਮ ਕਰਨਾ ਘੱਟ ਜਾਂ ਬੰਦ ਕਰ ਦਿੰਦੇ ਹਨ ਅਤੇ ਤੇਜ਼ ਰਫ਼ਤਾਰ 'ਤੇ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕੰਪਨੀ ਮੁਤਾਬਕ ਸਮੁੰਦਰ ਕੰਢੇ ਚੱਲਣ ਵਾਲੇ ਮੋਟਰਸਾਈਕਲਾਂ ਵਿੱਚ ਇਹ ਖ਼ਤਰਾ ਵੱਧ ਹੁੰਦਾ ਹੈ। ਰੀਕਾਲ ਤਹਿਤ ਦੁਨੀਆ ਭਰ ਵਿੱਚ ਮੌਜੂਦ ਹਾਰਲੇ ਡੇਵਿਡਸਨ ਡੀਲਰਸ਼ਿਪ ਆਪਣੇ ਸਟ੍ਰੀਟ ਮੋਟਰਸਾਈਕਲ ਦੇ ਗਾਹਕਾਂ ਨਾਲ ਸੰਪਰਕ ਕਰ ਰਹੀ ਹੈ ਅਤੇ ਬ੍ਰੇਕਾਂ ਵਿੱਚ ਗੜਬੜੀ ਪਾਏ ਜਾਣ 'ਤੇ ਮੁਫ਼ਤ ਵਿੱਚ ਅਗਲੇ ਤੇ ਪਿਛਲੇ ਬ੍ਰੇਕ ਕੈਲਿਪਰ ਬਦਲੇ ਜਾ ਰਹੇ ਹਨ। ਹਾਰਲੇ ਡੇਵਿਡਸਨ ਸਟ੍ਰੀਟ ਨੂੰ ਖ਼ਾਸ ਤੌਰ 'ਤੇ ਭਾਰਤ ਵਿੱਚ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਕੌਮਾਂਥਰੀ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ। 5.33 ਲੱਖ ਰੁਪਏ ਦੀ ਕੀਮਤ ਵਾਲੇ ਸਟ੍ਰੀਟ 750 ਭਾਰਤ ਵਿੱਚ ਸਭ ਤੋਂ ਸਸਤਾ ਹਾਰਲੇ ਮੋਟਰਸਾਈਕਲ ਹੈ, ਜਦਕਿ ਸਟ੍ਰੀਟ ਰੋਡ ਭਾਰਤ ਵਿੱਚ ਐਕਸ ਸ਼ੋਅਰੋਮ ਕੀਮਤ 6.53 ਲੱਖ ਰੁਪਏ ਹੈ।