ਨਵੀਂ ਦਿੱਲੀ: ਗੂਗਲ ਨੇ ਆਪਣਾ ਸਮਾਰਟਫੋਨ ਪਿਕਸਲ ਤੇ ਪਿਕਸਲ XL ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਅਮਰੀਕਾ 'ਚ ਮੰਗਲਵਾਰ ਰਾਤ ਇੱਕ ਇਵੈਂਟ ਦੌਰਾਨ ਇਹ ਸਮਾਰਟਫੋਨ ਲਾਂਚ ਕੀਤਾ ਹੈ। ਇੱਥੇ ਗੂਗਲ ਨੇ ਆਪਣੇ ਇਸ ਸਮਾਰਟਫੋਨ ਬਾਰੇ ਕਈ ਦਾਅਵੇ ਕੀਤੇ ਹਨ। ਗੂਗਲ ਦੇ ਸੀ.ਈ.ਓ. ਭਾਰਤੀ ਮੂਲ ਦੇ ਸੁੰਦਰ ਪਿਚਾਈ ਦਾ ਕਹਿਣਾ ਹੈ ਕਿ ਮੋਬਾਈਲ ਨਾਲ ਆ ਰਹੇ ਬਦਲਾਅ 'ਚ ਗੂਗਲ ਸਭ ਤੋਂ ਅੱਗੇ ਰਹੇਗਾ। ਗੂਗਲ ਸਮਾਰਟਫੋਨ 'ਚ ਕਾਫੀ ਵੱਡਾ ਹਿੱਸਾ ਇਨਵੈਸਟ ਕਰਨ ਜਾ ਰਿਹਾ ਹੈ।
ਗੂਗਲ ਪਿਕਸਲ ਸੀਰੀਜ਼ 'ਚ ਐਪਲ ਦੇ SIRI ਨੂੰ ਚਣੌਤੀ ਦੇਣ ਲਈ ਗੂਗਲ ਅਸਿਸਟੈਂਟ ਦਿੱਤਾ ਗਿਆ ਹੈ। ਇਸ ਦੇ ਇਸਤੇਮਾਲ ਲਈ ਯੂਜਰ ਨੂੰ ਹੋਮ ਬਟਨ 'ਤੇ ਕਲਿੱਕ ਕਰਕੇ ਹੋਲਡ ਕਰਨਾ ਹੋਏਗਾ ਜਾਂ ਫਿਰ “hot word,” ‘jumps into action’ ਬੋਲਦਿਆਂ ਹੀ ਅਸਿਸਟੈਂਟ ਆਨ ਹੋ ਜਾਏਗਾ। ਕੰਪਨੀ ਨੇ ਇਸ ਦਾ ਡੇਮੋ ਕਰਕੇ ਦਿਖਾਇਆ।
ਗੂਗਲ ਦਾ ਦਾਅਵਾ ਹੈ ਕਿ ਪਿਕਸਲ ਸਮਾਰਟਫੋਨ ਦਾ ਕੈਮਰਾ ਸਭ ਤੋਂ ਬੈਸਟ ਹੈ। 5 ਤੇ 5.5 ਇੰਚ ਸਮਾਰਟਫੋਨ 'ਚ ਪਾਸਟ ਚਾਰਜਿੰਗ ਦੀ ਸਹੂਲਤ ਦਿੱਤੀ ਗਈ ਹੈ। ਦਾਅਵਾ ਹੈ ਕਿ ਪਿਕਸਲ ਸਮਾਰਟਫੋਨ ਨੂੰ 15 ਮਿੰਟ ਚਾਰਜ ਕਰਨ 'ਤੇ 7 ਘੰਟੇ ਤੱਕ ਦੀ ਬੈਟਰੀ ਲਾਈਫ ਮਿਲੇਗੀ।
ਪਿਕਸਲ ਸਮਾਰਟਫੋਨ ਨੂੰ ਤਾਈਵਾਨ ਦੀ ਮੋਬਾਈਲ ਕੰਪਨੀ HTC ਨੇ ਤਿਆਰ ਕੀਤਾ ਹੈ ਪਰ ਗੂਗਲ ਨੇ ਆਪਣੀ ਨਵੀਂ ਪਿਕਸਲ ਸੀਰੀਜ਼ 'ਚ ਵੱਡਾ ਬਦਲਾਅ ਕਰਦਿਆਂ ਮੋਬਾਈਲ ਬਣਾਉਣ ਵਾਲੀ ਕੰਪਨੀ ਦੀ ਬ੍ਰੈਂਡਿੰਗ ਬੰਦ ਕਰ ਦਿੱਤੀ ਹੈ।