ਨਵੀਂ ਦਿੱਲੀ: ਜੀਪ ਦੀ ਨਵੀਂ ਕੰਪੈਕਟ ਐਸ.ਯੂ.ਵੀ. ਕੰਪਾਸ ਤੋਂ ਪਰਦਾ ਉੱਠ ਚੁੱਕਾ ਹੈ। ਇਸ ਨੂੰ ਭਾਰਤ 'ਚ ਅਗਲੇ ਸਾਲ ਉਤਾਰਿਆ ਜਾਏਗਾ। ਭਾਰਤ 'ਚ ਇਸ ਦੀ ਕੀਮਤ ਕਰੀਬ 25 ਲੱਖ ਰੁਪਏ ਹੋਣ ਦੀ ਸੰਭਾਵਨਾ ਹੈ। ਇਸ ਨੂੰ ਕੰਪਨੀ ਦੇ ਪੁਣਾ 'ਚ ਰੰਜਨਗਾਂਵ ਪਲਾਂਟ 'ਚ ਤਿਆਰ ਕੀਤਾ ਜਾਏਗਾ। ਲਾਂਚ ਤੋਂ ਬਾਅਦ ਇਹ ਹੁੰਡਾਈ ਦੀ ਨਵੀਂ ਟਿਊਸਾਨ, ਨਵੀਂ ਫੋਰਡ ਐਂਡੇਵਰ ਤੇ ਟੋਇਟਾ ਦੀ ਆਉਣ ਵਾਲੀ ਨਵੀਂ ਫਾਰਚੂਨਰ ਨੂੰ ਟੱਕਰ ਦੇਵੇਗੀ।
ਇਹ ਐਸ.ਯੂ.ਵੀ. ਗ੍ਰੈਂਡ ਚੇਰੋਕੀ ਵਾਂਗ ਨਜ਼ਰ ਆਉਂਦੀ ਹੈ ਪਰ ਇਸ ਦਾ ਹੁੱਡ, ਵੀਲ੍ਹ ਆਰਚ ਤੇ ਅੱਗੇ ਵੱਲ ਵਧੇ ਬੰਪਰ ਸਮੇਤ ਹੋਰ ਕਈ ਫੀਚਰ ਹਨ ਜਿਹੜੇ ਇਸ ਨੂੰ ਚੇਰੋਕੀ ਤੋਂ ਵੱਖ ਬਣਾਉਂਦੇ ਹਨ। ਸਾਈਡ ਤੋਂ ਵੀ ਇਹ ਐਸ.ਯੂ.ਵੀ. ਕਾਫੀ ਖੂਬਸੂਰਤ ਨਜ਼ਰ ਆਉਂਦੀ ਹੈ। ਇਸ 'ਚ ਸਲੋਪਿੰਗ ਰੂਫਲਾਈਨ ਦਿੱਤੀ ਗਈ ਹੈ ਜਿਹੜੀ ਬੂਟ ਤੱਕ ਜਾਂਦੀ ਹੈ। ਪਿਛਲੇ ਪਾਸੇ ਸਪਿਲਟ ਐਲ.ਈ.ਡੀ. ਟੇਲਲੈਂਪਸ, ਉੱਚਾ ਬੂਟ-ਲਿੱਡ, ਪਿਛਲੀ ਵਿੰਡਸਕਰੀਨ ਦੇ ਹੇਠਾਂ ਕ੍ਰੋਮ ਪੱਟੀ ਤੇ ਸਪਾਈਲਰ ਦਿੱਤਾ ਗਿਆ ਹੈ ਜਿਸ ਨਾਲ ਇਸ ਦੀ ਲੁੱਕ ਸਪੋਰਟੀ ਨਜ਼ਰ ਆਉਂਦੀ ਹੈ।
ਕੇਬਿਨ ਦੀ ਗੱਲ ਕਰੀਏ ਤਾਂ ਇਸ ਦਾ ਡੈਸ਼ਬੋਰਡ ਲੇ-ਆਊਟ ਤੇ ਇੰਸਟ੍ਰਮੈਂਟ ਕਲੱਸਟਰ ਗ੍ਰੈਂਡ ਚੇਰੋਕੀ ਵਰਗਾ ਹੈ। ਇਸ 'ਚ 8 ਇੰਚ ਦਾ ਟੱਚ ਸਕਰੀਨ ਇੰਫੋਟੇਂਮੈਂਟ ਸਿਸਟਮ ਦਿੱਤਾ ਗਿਆ ਹੈ ਜਿਹੜਾ ਏਅਰਕੰਡੀਸ਼ਨ ਵੈਂਟਸ ਦੇ ਵਿੱਚ ਫਿੱਟ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਿਸਟਮ ਜੀਪ ਦੇ ਯੂ-ਕਨੈਕਟ ਸਿਸਟਮ 'ਤੇ ਕੰਮ ਕਰੇਗਾ। ਭਾਰਤ 'ਚ ਇਸ ਐਸ.ਯੂ.ਵੀ. ਨੂੰ 2.0 ਡੀਜ਼ਲ ਇੰਜਣ ਨਾਲ ਲਿਆਉਣ ਦੀ ਸੰਭਾਵਨਾ ਹੈ।