ਚੰਡੀਗੜ੍ਹ: ਭਾਰਤੀ ਮੋਬਾਈਲ ਕੰਪਨੀਆਂ ਦੇਸ਼ ਵਿਚ 5ਜੀ ਨੈੱਟਵਰਕ ਸੇਵਾ ਸ਼ੁਰੂ ਕਰਨ ਦੀਆਂ ਯੋਜਨਾਵਾਂ ਨੂੰ ਪੰਜ ਸਾਲਾਂ ਲਈ ਮੁਲਤਵੀ ਕਰ ਸਕਦੀਆਂ ਹਨ। ਇਸ ਪਿੱਛੇ ਬਹੁਤ ਜ਼ਿਆਦਾ ਬੇਸ ਪ੍ਰਾਈਸ, ਨਾਕਾਫੀ ਸਪੈਕਟ੍ਰਮ ਤੇ ਨਵੇਂ ਬੈਂਡਸ ਦੀ ਘੱਟ ਉਪਲਬਧਤਾ ਦਾ ਕਾਰਨ ਦੱਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੈਲੂਲਰ ਆਪਰੇਟਰ ਐਸੋਸੀਏਸ਼ਨ ਆਫ ਇੰਡੀਆ (ਸੀਓਏਆਈ) ਦੇ ਡਾਇਰੈਕਟਰ ਜਨਰਲ ਰਾਜਨ ਐਸ ਮੈਥਿਊ ਨੇ ਮੰਗਲਵਾਰ ਨੂੰ ਕਿਹਾ, 'ਅਸੀਂ 5 ਜੀ ਨੂੰ ਘੱਟੋ-ਘੱਟ ਪੰਜ ਸਾਲਾਂ ਲਈ ਮੁਲਤਵੀ ਕਰਨ ਜਾ ਰਹੇ ਹਾਂ। ਦੇਸ਼ ਦੇ ਅਪਰੇਟਰਾਂ ਦਾ ਇਹੀ ਨਜ਼ਰੀਆ ਹੈ।'


ਉਨ੍ਹਾਂ ਇਹ ਵੀ ਕਿਹਾ ਕਿ ਸ਼ੁਰੂਆਤ ਵਿੱਚ ਕੀਮਤ ਦੀ ਸਮੱਸਿਆ ਸੀ। ਫਿਰ ਬਾਅਦ ਵਿਚ ਹੋਰ ਸਮੱਸਿਆਵਾਂ ਵੀ ਆਈਆਂ। ਸੀਓਏਆਈ ਭਾਰਤ ਦੀਆਂ ਸਾਰੀਆਂ ਨਿੱਜੀ ਦੂਰਸੰਚਾਰ ਕੰਪਨੀਆਂ, ਭਾਰਤੀ ਏਅਰਟੈਲ, ਰਿਲਾਇੰਸ ਜੀਓ ਅਤੇ ਵੋਡਾਫੋਨ ਆਈਡੀਆ ਦੀ ਨੁਮਾਇੰਦਗੀ ਕਰਦਾ ਹੈ। ਇਸਸ ਦੇ ਨਾਲ ਹੀ ਹੁਆਵੇ, ਐਰਿਕਸਨ, ਸਿਸਕੋ ਤੇ ਸੀਆਨਾ ਵਰਗੀਆਂ ਕੰਪਨੀਆਂ ਵੀ ਇਸ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਕੀਮਤ, ਉਦਯੋਗ ਲਈ ਮੁੱਢਲੀ ਸਮੱਸਿਆ ਵਜੋਂ ਉੱਭਰੀ ਹੈ। ਇੱਕ ਮੈਗਾਹਰਟਜ਼ ਦੀ ਕੀਮਤ 492 ਕਰੋੜ ਹੈ। ਅੰਤਰਰਾਸ਼ਟਰੀ ਕੀਮਤਾਂਲ ਤੇ ਕਰਜ਼ ਨੂੰ ਵੇਖਦਿਆਂ ਹੋਇਆਂ ਜ਼ਿਆਦਾਤਰ ਕੰਪਨੀਆਂ ਦਾ ਮੰਨਣਾ ਹੈ ਕਿ ਇੰਨੀ ਕੀਮਤ ਅਦਾ ਕਰਨਾ ਸੰਭਵ ਨਹੀਂ ਹੈ।


ਮੈਥਿਊਜ਼ ਨੇ ਕਿਹਾ ਕਿ ਭਾਰਤ ਵਿੱਚ ਪੇਸ਼ ਕੀਤੇ ਜਾ ਰਹੇ 5 ਜੀ ਸਪੈਕਟ੍ਰਮ ਨਾਕਾਫ਼ੀ ਹਨ। ਉਦਯੋਗ ਦੀ ਮੰਗ ਹੈ ਕਿ ਹਰੇਕ ਓਪਰੇਟਰ ਨੂੰ 100-100 ਮੈਗਾਹਰਟਜ਼ ਸਪੈਕਟ੍ਰਮ ਨਿਰਧਾਰਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਟਰਾਈ ਨੇ ਕਿਹਾ ਸੀ ਕਿ 300 ਮੈਗਾਹਰਟਜ਼ ਸਪੈਕਟ੍ਰਮ ਉਪਲਬਧ ਹੈ। ਪਰ, ਦੂਰਸੰਚਾਰ ਕੰਪਨੀਆਂ ਤੋਂ ਇਲਾਵਾ, ਹੋਰ ਅਦਾਰੇ ਵੀ ਇਸ ਵਿੱਚ ਹਿੱਸੇਦਾਰੀ ਚਾਹੁੰਦੇ ਹਨ।


ਉਨ੍ਹਾਂ ਕਿਹਾ ਕਿ 25 ਮੈਗਾਹਰਟਜ਼ ਸਪੈਕਟ੍ਰਮ ਸਪੇਸ ਨੂੰ ਸ਼ਾਮਲ ਕਰਨ ਵਾਲੇ ਕੰਮਾਂ ਲਈ ਹੈ। ਇਸ ਦੇ ਨਾਲ ਹੀ 100 ਮੈਗਾਹਰਟਜ਼ ਸਪੈਕਟ੍ਰਮ ਰੱਖਿਆ ਲਈ ਹੈ। ਇਸ ਤਰ੍ਹਾਂ 175 ਮੈਗਾਹਰਟਜ਼ ਸਪੈਕਟ੍ਰਮ ਹੀ ਉਪਲੱਬਧ ਹੈ। ਯਾਨੀ ਹਰ ਆਪਰੇਟਰ ਨੂੰ 100-100 ਮੈਗਾਹਰਟਜ਼ ਸਪੈਕਟ੍ਰਮ ਮਿਲ ਪਾਉਣਾ ਅਸੰਭਵ ਹੈ।