ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਵਿੱਚੋਂ ਇੱਕ ਏਅਰਟੈੱਲ ਨੇ ਰਿਲਾਇੰਸ ਜੀਓ ਦੀ ਚੁਨੌਤੀ ਨੂੰ ਟੱਕਰ ਦੇਣ ਲਈ ਡੇਟਾ ਆਫਰ ਪੇਸ਼ ਕੀਤਾ ਹੈ। ਏਅਰਟੈੱਲ ਨੇ 4G ਉੁਪਭੋਗਤਾਵਾਂ ਨੂੰ 399 ਰੁਪਏ ਦੇ ਰੀਚਾਰਜ 'ਤੇ 84GB ਡੇਟਾ ਮਿਲੇਗਾ ਜਿਸ ਦੀ ਮਿਆਦ ਵੀ 84 ਦਿਨ ਦੀ ਹੈ। ਏਅਰਟੈੱਲ ਦੇ ਇਸ ਪਲਾਨ ਦਾ ਲਾਹਾ ਸਿਰਫ 4G ਹੈਂਡਸੈੱਟ ਵਾਲੇ ਉਪਭੋਗਤਾ ਹੀ ਉਠਾ ਸਕਦੇ ਹਨ। ਇਸ ਪਲਾਨ ਵਿੱਚ ਕੰਪਨੀ ਡੇਟਾ ਦੇ ਨਾਲ-ਨਾਲ ਅਸੀਮਤ ਕਾਲਿੰਗ ਵੀ ਦੇ ਰਹੀ ਹੈ। ਦੱਸਣਾ ਬਣਦਾ ਹੈ ਕਿ ਏਅਰਟੈੱਲ ਵੱਲੋਂ ਇਹ ਪਲਾਨ ਰਿਲਾਇੰਸ ਜੀਓ ਵੱਲੋਂ ਹਰ ਟੈਲੀਕਾਮ ਕੰਪਨੀ ਨੂੰ ਦਿੱਤੀ ਜਾ ਰਹੀ ਚੁਨੌਤੀ ਦੇ ਜਵਾਬ ਵਿੱਚ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਜੀਓ ਨੇ ਆਪਣੇ 'ਧਨ ਧਨਾ ਧਨ' ਆਫਰ ਵਿੱਚ ਬਦਲਾਅ ਕਰਦਿਆਂ 399 ਰੁਪਏ ਵਿੱਚ 84GB ਡੇਟਾ 84 ਦਿਨਾਂ ਲਈ ਦੇਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਏਅਰਟੈੱਲ ਨੇ ਆਪਣੇ ਪਲਾਨ ਵਿੱਚ ਵੀ ਬਦਲਾਅ ਕੀਤੇ ਹਨ। ਇਸ ਤੋਂ ਪਹਿਲਾਂ ਏਅਰਟੈੱਲ ਨੇ ਆਪਣੇ ਸਪੈਸ਼ਲ ਆਫਰ ਰਾਹੀਂ 293 ਰੁਪਏ ਵਿੱਚ ਤੇ 499 ਰੁਪਏ ਵਿੱਚ 84 GB ਡੇਟਾ ਦਿੱਤਾ ਸੀ। ਦੱਸਣਾ ਬਣਦਾ ਹੈ ਕਿ ਜੀਓ ਦੇ ਆਉਣ ਤੋਂ ਬਾਅਦ ਏਅਰਟੈੱਲ ਨੂੰ ਕਾਫੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉੱਥੇ ਜੀਓ ਆਪਣੇ ਗਾਹਕਾਂ ਨੂੰ 399 ਰੁਪਏ ਦਾ ਰੀਚਾਰਜ ਕਰਵਾਉਣ 'ਤੇ ਕੈਸ਼ਬੈਕ ਆਫਰ ਵੀ ਦੇ ਰਿਹਾ ਹੈ।