ਨਵੀਂ ਦਿੱਲੀ: ਭਾਰਤੀ ਏਅਰਟੈੱਲ ਨੇ ਮੁੰਬਈ ਤੋਂ ਵਾਇਸ ਓਵਰ ਐਲ.ਟੀ.ਈ. ਯਾਨੀ VoLTE ਸੇਵਾ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਦੀ ਯੋਜਨਾ ਅਗਲੇ ਕੁਝ ਮਹੀਨਿਆਂ ਵਿੱਚ ਪੂਰੇ ਦੇਸ਼ ਵਿੱਚ ਇਹ ਸੇਵਾ ਸ਼ੁਰੂ ਕਰਨ ਦੀ ਹੈ।
ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਏਅਰਟੈੱਲ VoLTE 4G ਨੈੱਟਵਰਕ 'ਤੇ ਕੰਮ ਕਰਦਾ ਹੈ, ਜੋ ਗਾਹਕਾਂ ਨੂੰ ਤੇਜ਼ੀ ਨਾਲ ਕਾਲ ਕੁਨੈਕਟ ਕਰਨ ਦੇ ਨਾਲ ਨਾਲ ਬੇਹੱਦ ਸਾਫ ਆਵਾਜ਼ ਵਾਲੀ ਕਾਲ ਮੁਹੱਈਆ ਕਰਵਾਉਂਦਾ ਹੈ।
ਭਾਰਤੀ ਏਅਰਟੈੱਲ ਦੇ ਨਿਰਦੇਸ਼ਕ ਅਭੈ ਸਾਵਰਗਾਂਵਕਰ ਨੇ ਦੱਸਿਆ ਕਿ ਇਹ ਦੇਸ਼ ਦੇ ਨੈਟਵਰਕ ਵਾਲੇ ਪੰਧ 'ਤੇ ਇੱਕ ਮੀਲ ਪੱਧਰ ਵਾਂਗ ਹੈ। ਉਨ੍ਹਾਂ ਕਿਹਾ ਕਿ ਏਅਰਟੈੱਲ ਨੇ ਸ਼ੁਰੂ ਤੋਂ ਹੀ ਭਾਰਤ ਵਿੱਚ ਨੈੱਟਵਰਕ ਸੁਧਾਰਨ ਲਈ ਜ਼ਿਕਰਯੋਗ ਕੰਮ ਕੀਤਾ ਹੈ।
ਕੰਪਨੀ ਨੇ ਇਹ ਵੀ ਸਾਫ ਕੀਤਾ ਕਿ ਇਸ ਸੇਵਾ ਲਈ ਗਾਹਕਾਂ ਤੋਂ ਕੋਈ ਵਾਧੂ ਪੈਸਾ ਨਹੀਂ ਵਸੂਲਿਆ ਜਾਵੇਗਾ। ਇਸ ਸੇਵਾ ਦਾ ਲਾਭ ਉਠਾਉਣ ਲਈ ਖਪਤਕਾਰਾਂ ਨੂੰ 4G ਹੈਂਡਸੈੱਟ ਦੀ ਵਰਤੋਂ ਕਰਨੀ ਹੋਵੇਗੀ।