ਨਵੀਂ ਦਿੱਲੀ: ਵੋਡਾਫੋਨ ਤੇ ਏਅਰਟੈੱਲ ਵਰਗੀਆਂ ਦੇਸ਼ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਨੂੰ ਪਿਛਲੇ ਸਾਲ ਬਾਜ਼ਾਰ ਵਿੱਚ ਆਏ ਰਿਲਾਇੰਸ ਜੀਓ ਨੇ ਵਖ਼ਤ ਪਾਇਆ ਹੋਇਆ ਹੈ। ਉਨ੍ਹਾਂ ਨੂੰ ਜੀਓ ਦੇ ਟਾਕਰੇ ਲਏ ਕੋਈ ਖਾਸ ਆਇਡੀਆ ਨਹੀਂ ਮਿਲ ਰਿਹਾ। ਹੁਣ ਜੀਓ ਕੁਝ ਨਵਾਂ ਕਰਨ ਜਾ ਰਿਹਾ ਹੈ ਜਿਸ ਨਾਲ ਬਾਕੀ ਕੰਪਨੀਆਂ ਦੀ ਮੁਸ਼ਕਲ ਕਾਫੀ ਵਧ ਜਾਵੇਗੀ।

ਸਭ ਤੋਂ ਪਹਿਲਾਂ ਜੀਓ ਨੇ ਲੋਕਾਂ ਨੂੰ ਮੁਫਤ ਇੰਟਰਨੈੱਟ ਤੇ ਕਾਲਿੰਗ ਦੇ ਕੇ ਬਾਕੀ ਕੰਪਨੀਆਂ ਦੀ ਕਮਾਈ ਘਟਾ ਦਿੱਤੀ। ਉਸ ਤੋਂ ਬਾਅਦ ਸਭ ਤੋਂ ਸਸਤੇ ਇੰਟਰਨੈੱਟ ਪਲਾਨ ਦੇ ਨਾਲ-ਨਾਲ ਕਾਲਿੰਗ ਮੁਫਤ ਦੇਣ ਨਾਲ ਹੋਰ ਟੈਲੀਕਾਮ ਕੰਪਨੀਆਂ ਦੀ ਚਿੰਤਾ ਹੋਰ ਵੀ ਵਧ ਗਈ।

ਜੀਓ ਆਪਣਾ ਦੂਜਾ ਹਥਿਆਰ ਡੇਢ ਹਜ਼ਾਰ ਦੀ ਕੀਮਤ ਵਾਲੇ ਸਸਤੇ ਫੋਨ ਦੇ ਰੂਪ ਵਿੱਚ ਵਰਤਣ ਜਾ ਰਿਹਾ ਹੈ। ਜੀਓ ਨੇ ਦਾਅਵਾ ਕੀਤਾ ਹੈ ਕਿ ਇਸ ਫ਼ੋਨ ਨੂੰ ਮੁਫਤ ਦੇਵੇਗਾ ਤੇ ਜ਼ਮਾਨਤ ਦੇ ਰੂਪ ਵਿੱਚ ਲਏ 1500 ਰੁਪਏ ਨੂੰ ਤਿੰਨ ਸਾਲਾਂ ਦੇ ਅੰਦਰ-ਅੰਦਰ ਵਾਪਸ ਕਰ ਦਿੱਤਾ ਜਾਵੇਗਾ। ਇਸ ਫੋਨ ਵਿੱਚ ਕਾਲਿੰਗ ਦੇ ਨਾਲ-ਨਾਲ 4G ਇੰਟਰਨੈੱਟ ਦੀ ਵੀ ਸੁਵਿਧਾ ਹੋਵੇਗੀ।

ਹਾਲਾਂਕਿ ਇਹ ਫੋਨ ਇੱਕ ਬਿਨਾਂ ਟੱਚ ਵਾਲਾ ਸਮਾਰਟਫੋਨ ਹੋਵੇਗਾ ਇਸ ਕਾਰਨ ਵ੍ਹਟਸਐਪ ਆਦਿ ਚੱਲਣਾ ਮੁਮਕਿਨ ਨਾ ਹੋਵੇ। ਇਸ ਸੂਰਤ ਵਿੱਚ ਜੀਓ ਆਪਣਾ ਵੱਖਰਾ ਐਪ ਤਿਆਰ ਕਰ ਸਕਦਾ ਹੈ ਜੋ ਇੰਟਰਨੈੱਟ ਆਧਾਰਤ ਹੋਵੇ। ਦੱਸਣਾ ਬਣਦਾ ਹੈ ਕਿ ਜੀਓ ਨੇ ਆਪਣੀਆਂ ਹੀ ਬੈਕਿੰਗ ਸੇਵਾਵਾਂ ਪਹਿਲਾਂ ਤੋਂ ਹੀ ਸ਼ੁਰੂ ਕੀਤੀਆਂ ਹੋਈਆਂ ਹਨ। ਜੀਓ ਮਨੀ ਨਾਲ ਰਿਲਾਇੰਸ ਨੇ ਹੋਰ ਕੰਪਨੀਆਂ ਨੂੰ ਪੂਰੀ ਟੱਕਰ ਦਿੱਤੀ ਹੋਈ ਹੈ।

ਛੇਤੀ ਹੀ ਜੀਓ ਆਪਣੀ ਤੀਜੀ ਚਾਲ ਚੱਲਣ ਜਾ ਰਿਹਾ ਹੈ ਜੋ ਹੈ ਇੱਕ ਬ੍ਰਾਡਬੈਂਡ ਸੇਵਾ। ਭਾਰਤੀ ਸੰਚਾਰ ਨਿਗਮ ਲਿਮਟਿਡ ਤੋਂ ਬਾਅਦ ਏਅਰਟੈੱਲ ਨੇ ਆਪਣੀ ਤਾਰ-ਯੁਕਤ ਇੰਟਰਨੈੱਟ ਸੇਵਾ ਸ਼ੁਰੂ ਕੀਤੀ ਸੀ। ਜੀਓ ਨੇ ਵੀ ਇਸ ਦਿਸ਼ਾ ਵੱਲ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਹਨ। ਕੰਪਨੀ ਨੇ ਕਈ ਵੱਡੇ ਸ਼ਹਿਰਾਂ ਵਿੱਚ 'ਰੌਸ਼ਨੀ-ਰੇਸ਼ੇ' ਯਾਨੀ ਆਪਟੀਕਲ ਫਾਈਬਰਜ਼ ਵਿਛਾ ਦਿੱਤੇ ਹਨ।

ਕੰਪਨੀ ਇਸ ਤੋਂ ਪਹਿਲਾਂ ਕਿ ਇਸ ਸੇਵਾ ਦੀ ਕੀਮਤ ਬਾਰੇ ਕੋਈ ਐਲਾਨ ਕਰੇ ਲੋਕਾਂ ਨੂੰ ਇਸ ਦਾ ਅੰਦਾਜ਼ਾ ਹੈ ਕਿ ਇਹ ਇੱਕ ਸਸਤੀ ਸੇਵਾ ਹੋਵੇਗੀ। ਆਉਂਦੇ ਕੁਝ ਮਹੀਨਿਆਂ ਵਿੱਚ ਬ੍ਰਾਡਬੈਂਡ ਬਾਜ਼ਾਰ ਵਿੱਚ ਵੀ ਭਖ਼ਣ ਵਾਲਾ ਹੈ।