ਚੰਡੀਗੜ੍ਹ: ਐਪਲ ਅਮਰੀਕੀਆਂ ਦਾ ਸਭ ਤੋਂ ਪਸੰਦੀਦਾ ਸਮਾਰਟਵਾਚ ਬ੍ਰਾਂਡ ਹੈ। ਇਸ ਤੋਂ ਬਾਅਦ ਅਮਰੀਕੀ ਲੋਕ ਸੈਮਸੰਗ ਤੇ ਫਿਟਬਿਟ ਨੂੰ ਪਸੰਦ ਕਰਦੇ ਹਨ। ਇਹ ਜਾਣਕਾਰੀ ਵੀਰਵਾਰ ਨੂੰ ਕਾਊਂਟਰਪੁਆਇੰਟ ਰਿਸਰਚ ਨੇ ਦਿੱਤੀ। ਮਾਰਕਿਟ ਰਿਸਰਚ ਕੰਪਨੀ ਦੀ ਨਵੀਂ ‘ਕੰਜ਼ਿਊਮਰ ਲੈਂਸ’ ਖੋਜ ਅਨੁਸਾਰ, ਐਪਲ ਵਾਚ ਦੇ ਹਰ ਤਿੰਨ ਸੰਭਾਵੀ ਖਰੀਦਦਾਰਾਂ ਵਿੱਚੋਂ ਦੋ ਖਰੀਦਦਾਰ ਸੀਰੀਜ਼ 4 ਡਿਵਾਈਸ ਚੁਣਦੇ ਹਨ ਤੇ ਅੱਧੇ ਤੋਂ ਵੱਧ ਐਪਲ ਵਾਚ ਦੇ ਸੰਭਾਵੀ ਖਰੀਦਦਾਰਾਂ ਦੀ ਪਸੰਦ ਐਲਈਟੀ ਵਰਜਨ ਹੈ।
'ਕੰਜ਼ਿਊਮਰ ਲੈਂਸ' ਕਾਊਂਟਰਪੁਆਇੰਟ ਦਾ ਆਲਮੀ ਰਿਸਰਚ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਗਾਹਕਾਂ ਦੇ ਦ੍ਰਿਸ਼ਟੀਕੋਣਾਂ ਨੂੰ ਸਮਝ ਕੇ ਉਦਯੋਗ ਦੀ ਮਦਦ ਕਰਨਾ ਹੈ। ਰਿਸਰਚ ਦੇ ਖੋਜ ਵਿਸ਼ਲੇਸ਼ਕ ਮੌਰਿਸ ਕਲਾਇਨੇ ਨੇ ਕਿਹਾ ਕਿ ਪਿਛਲੇ ਸਾਲ ਐਪਲ ਚੋਟੀ ਦਾ ਸਮਾਰਟਵਾਚ ਬ੍ਰਾਂਡ ਰਹੀ। ਹੁਣ ਐਪਲ ਵਾਚ ਸੀਰੀਜ਼ 4 ਕੰਪਨੀ ਦੀ ਸਥਿਤੀ ਨੂੰ ਹੋਰ ਵਧੀਆ ਬਣਾਏਗਾ, ਕਿਉਂਕਿ ਇਹ ਲੋਕਾਂ ਦੀ ਅਗਲੀ ਖਰੀਦ ਲਈ ਪਸੰਦੀਦਾ ਬ੍ਰਾਂਡ ਹੈ।
ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਐਪਲ ਤੋਂ ਬਾਅਦ ਲੋਕ ਸੈਮਸੰਗ ਵਾਚ ਪਸੰਦ ਕਰਦੇ ਹਨ। ਇਸ ਤੋਂ ਬਾਅਦ ਫਿਟਬਿਟ ਬ੍ਰਾਂਡ ਹੈ। ਅਗਲੇ ਛੇ ਮਹੀਨਿਆਂ ਬਾਅਦ ਐਪਲ ਵਾਚ ਖਰੀਦਣ ਵਾਲੇ ਗਾਹਕਾਂ ਦਾ ਕਹਿਣਾ ਹੈ ਕਿ ਉਹ ਐਪਲ ਦੀ ਨਵੀਂ ਵਾਚ ਨੂੰ ਖਰੀਦਣਾ ਪਸੰਦ ਕਰਨਗੇ।