ਐਪਲ ਇਸ ਮਾਮਲੇ 'ਚ ਸੈਮਸੰਗ ਤੋਂ ਪੰਜ ਗੁਣਾ ਅੱਗੇ !
ਏਬੀਪੀ ਸਾਂਝਾ | 29 Dec 2017 01:30 PM (IST)
ਨਵੀਂ ਦਿੱਲੀ: ਸਾਲ 2017 ਦੀ ਤੀਜੀ ਤਿਮਾਹੀ ਵਿੱਚ ਐਪਲ ਨੇ ਹਰੇਕ ਹੈਂਡਸੈੱਟ 'ਤੇ ਵੱਧ ਤੋਂ ਵੱਧ 151 ਡਾਲਰ ਦੀ ਕਮਾਈ ਕੀਤੀ ਹੈ। ਇਸ ਮੁਕਾਬਲੇ ਸੈਮਸੰਗ ਨੇ ਸਿਰਫ਼ 31 ਡਾਲਰ ਦੀ ਕਮਾਈ ਕੀਤੀ। ਕਾਉਂਟਰਪਾਰਟ ਦੀ ਨਵੀਂ ਰਿਪੋਰਟ ਵਿੱਚ ਇਹ ਖ਼ੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਐਪਲ ਦੀ ਆਪਣੇ ਹਰੇਕ ਫ਼ੋਨ ਤੋਂ ਹੋਈ ਕਮਾਈ ਸੈਮਸੰਗ ਤੋਂ ਪੰਜ ਗੁਣਾ ਜ਼ਿਆਦਾ ਹੈ। ਸੈਮਸੰਗ ਕੋਲ ਐਪਲ ਮੁਕਾਬਲੇ ਬਹੁਤ ਜ਼ਿਆਦਾ ਫ਼ੋਨ ਤੇ ਮਾਡਲ ਹਨ। ਸੈਮਸੰਗ ਦੀ ਇਹ ਕਮਾਈ ਚੀਨੀ ਮੋਬਾਈਲ ਕੰਪਨੀਆਂ ਮੁਕਾਬਲੇ 14 ਗੁਣਾ ਤੇਜ਼ ਹੈ। ਚੀਨੀ ਕੰਪਨੀ ਹੁਆਵੇਈ, ਓਪੋ ਤੇ ਵੀਵੋ ਦੀ ਹਰੇਕ ਫ਼ੋਨ 'ਤੇ ਕਮਾਈ ਕਰੀਬ 15 ਡਾਲਰ, 14 ਤੇ 13 ਡਾਲਰ ਹੁੰਦੀ ਹੈ। ਹੋਰ ਚੀਨੀ ਬ੍ਰਾਂਡਸ ਨਾਲ ਮੁਕਾਬਲਾ ਕੀਤਾ ਜਾਵੇ ਤਾਂ ਸ਼ਿਓਮੀ ਆਪਣੇ ਹਰੇਕ ਫ਼ੋਨ ਤੋਂ ਸਿਰਫ਼ 2 ਡਾਲਰ ਦੀ ਕਮਾਈ ਕਰ ਰਿਹਾ ਹੈ। ਕਾਉਂਟਪਾਰਟ ਕੰਪਨੀ ਦੇ ਰਿਸਰਚ ਡਾਇਰੈਕਟਰ ਨੀਲ ਸ਼ਾਹ ਨੇ ਦੱਸਿਆ ਕਿ ਛੁੱਟੀਆਂ ਵਾਲੇ ਦਿਨਾਂ ਵਿੱਚ ਵੀ ਆਈਫੋਨ ਦੇ ਐਕਸ ਮਾਡਲ ਵਿਕਦੇ ਰਹਿਣ ਦੀ ਉਮੀਦ ਹੈ। ਇਸ ਨਾਲ ਐਪਲ ਦੀ ਕਮਾਈ ਵਿੱਚ ਵਾਧਾ ਹੁੰਦਾ ਰਹੇਗਾ। ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਆਈਫੋਨ ਐਕਸ ਦੇ 256 ਜੀਬੀ ਵਾਲੇ ਮੋਬਾਈਲ ਦੀ ਡਿਮਾਂਡ ਬਹੁਤ ਜ਼ਿਆਦਾ ਹੈ। ਇਸ ਨਾਲ ਐਪਲ ਦਾ ਮੁਨਾਫ਼ਾ ਹੋਰ ਵਧੇਗਾ।