ਨਵੀਂ ਦਿੱਲੀ: ਐਪਲ ਦੀ ਬੈਟਰੀ ਰਿਪਲੇਸਮੈਂਟ ਸ਼ੁਰੂ ਹੋ ਚੁੱਕੀ ਹੈ। ਆਈਫੋਨ-6, ਆਈਫੋਨ-6 ਐਸ, ਆਈਫੋਨ 7 ਦੀ ਬੈਟਰੀ ਐਪਲ ਡਿਸਕਾਊਂਟ ਰੇਟ 'ਤੇ ਰੀਪਲੇਸ ਕਰ ਰਿਹਾ ਹੈ। ਐਪਲ ਨੇ ਇਹ ਪ੍ਰੋਗਰਾਮ ਬੈਟਰੀ ਦੀਆਂ ਦਿੱਕਤਾਂ ਆਉਣ ਤੋਂ ਬਾਅਦ ਸ਼ੁਰੂ ਕੀਤਾ ਹੈ। ਭਾਰਤ ਵਿੱਚ ਵੀ ਇਹ ਸਕੀਮ ਹੁਣ ਸ਼ੁਰੂ ਹੋ ਚੁੱਕੀ ਹੈ। ਤੁਸੀਂ ਕਿਸੇ ਵੀ ਐਪਲ ਦੇ ਰਿਟੇਲਰ, ਆਈ ਵਰਲਡ ਜਾ ਕੇ ਆਪਣੇ ਆਈਫੋਨ ਦੀ ਬੈਟਰੀ ਬਦਲਵਾ ਸਕਦੇ ਹੋ।
ਆਪਣੀ ਗ਼ਲਤੀ ਮੰਨਦੇ ਹੋਏ ਐਪਲ ਨੇ ਬੈਟਰੀ ਦੀ ਕੀਮਤ ਘੱਟ ਕਰਨ ਦਾ ਵਾਅਦਾ ਕੀਤਾ ਸੀ। ਹੁਣ ਤੁਹਾਨੂੰ ਬੈਟਰੀ ਰਿਪਲੇਸਮੈਂਟ ਲਈ 2000 ਰੁਪਏ ਤੇ ਟੈਕਸ ਦੇਣੇ ਪੈਣਗੇ ਜੋ ਪਹਿਲਾਂ 6500 ਰੁਪਏ ਤੇ ਟੈਕਸ ਸੀ।
ਹੁਣ ਆਈਫੋਨ ਯੂਜ਼ਰ ਜੋ ਆਈਫੋਨ 6 ਜਾਂ ਇਸ ਤੋਂ ਉੱਪਰਲੇ ਮਾਡਲ ਚਲਾਉਂਦੇ ਹਨ, ਉਹ ਐਪਲ ਦੀ ਬੈਟਰੀ ਰਿਪਲੇਸਮੈਂਟ ਪ੍ਰੋਗਰਾਮ ਦਾ ਫ਼ਾਇਦਾ ਲੈ ਸਕਦੇ ਹਨ। ਇਸ ਤੋਂ ਪਹਿਲਾਂ ਆਈਫੋਨ ਦੀ ਬੈਟਰੀ ਬਦਲਾਉਣ ਲਈ 6500 ਰੁਪਏ ਤੋਂ ਇਲਾਵਾ ਟੈਕਸ ਵੀ ਦੇਣਾ ਪੈਂਦਾ ਸੀ। ਹੁਣ ਇਹ ਸਿਰਫ਼ 2000 ਵਿੱਚ ਹੋ ਜਾਵੇਗੀ।
ਖ਼ਾਸ ਗੱਲ ਇਹ ਹੈ ਕਿ ਜੇਕਰ ਤੁਹਾਡੇ ਫ਼ੋਨ ਦੀ ਵਰੰਟੀ ਖ਼ਤਮ ਹੋ ਚੁੱਕੀ ਹੈ ਤਾਂ ਵੀ ਤੁਸੀਂ ਇਸ ਆਫ਼ਰ ਤਹਿਤ ਆਪਣੀ ਬੈਟਰੀ ਬਦਲਵਾ ਸਕਦੇ ਹੋ। ਤੁਹਾਡੀ ਬੈਟਰੀ ਠੀਕ ਕੰਮ ਕਰ ਰਹੀ ਹੈ ਜਾਂ ਨਹੀਂ ਇਹ ਪਤਾ ਕਰਨ ਲਈ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ। ਆਈਓਐਸ ਜਲਦ ਅਪਡੇਟ ਹੋਵੇਗਾ ਜਿਸ ਵਿੱਚ ਇਹ ਪਤਾ ਲੱਗ ਸਕੇਗਾ ਕਿ ਬੈਟਰੀ ਠੀਕ ਕੰਮ ਕਰ ਰਹੀ ਹੈ ਜਾਂ ਨਹੀਂ। ਸਾਲ 2018 ਦੇ ਅਖੀਰ ਤੱਕ ਇਹ ਆਫ਼ਰ ਚੱਲਦਾ ਰਹੇਗਾ।