ਨਵੀਂ ਦਿੱਲੀ: ਜਨਤਕ ਸੈਕਟਰ ਦੀ ਦੂਰ ਸੰਚਾਰ ਕੰਪਨੀ ਬੀ.ਐਸ.ਐਨ.ਐਲ. ਰਿਲਾਇੰਸ ਦੀ ਸਸਤੀ ਮੋਬਾਈਲ ਸੇਵਾ ਜੀਓ ਨੂੰ ਟੱਕਰ ਦੇਣ ਦੀ ਤਿਆਰੀ ਵਿੱਚ ਹੈ। ਕੰਪਨੀ ਜੀਓ ਤੋਂ ਵੀ ਸਸਤੀ ਮੋਬਾਈਲ ਸੇਵਾ ਦੇਣ ਲਈ ਆਪਣੇ ਟੈਰਿਫ ਵਿੱਚ ਤਬਦੀਲੀ ਕਰਨ ਦੀ ਯੋਜਨਾ ਬਣਾ ਰਹੀ ਹੈ।ਬੀ.ਐਸ.ਐਨ.ਐਲ. ਦੇ ਇਸ ਕਦਮ ਨਾਲ ਮੋਬਾਈਲ ਸੇਵਾ ਬਾਜ਼ਾਰ ਵਿੱਚ ਸਸਤੀ ਕਾਲ ਦਰਾਂ ਦੀ ਨਵੀਂ ਹੋੜ ਸ਼ੁਰੂ ਹੋਣ ਦੀ ਸੰਭਾਵਨਾ ਹੈ। ਰਿਲਾਇੰਸ ਜੀਓ ਦੀ ਤਰਜ਼ 'ਤੇ ਬੀ.ਐਸ.ਐਨ.ਐਲ. ਵੀ ਆਪਣੇ ਗਾਹਕਾਂ ਨੂੰ ਫਰੀ ਵਾਈਸ ਕਾਲ ਦੀ ਸੇਵਾ ਮੁਹੱਈਆ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ।
ਬੀ.ਐਸ.ਐਨ.ਐਲ. ਦੀ ਇਸ ਪ੍ਰਸਤਾਵਿਤ ਯੋਜਨਾ ਦੀ ਖਾਸੀਅਤ ਇਹ ਹੈ ਕਿ ਕੰਪਨੀ ਇਹ ਸੇਵਾ ਆਪਣੇ 2ਜੀ ਤੇ 3ਜੀ ਗਾਹਕਾਂ ਨੂੰ ਵੀ ਦੇਵੇਗੀ ਜਦੋਂਕਿ ਰਿਲਾਇੰਸ ਜੀਓ ਨੇ ਇਹ ਸੇਵਾਵਾਂ ਸਿਰਫ 4ਜੀ ਗਾਹਕਾਂ ਨੂੰ ਦਿੱਤੀਆਂ ਹਨ। ਇਸ ਨਾਲ ਸਸਤੀਆਂ ਕਾਲ ਦਰਾਂ ਦਾ ਲਾਹਾ ਲੈਣ ਵਾਲੇ ਗਾਹਕਾਂ ਦੀ ਗਿਣਤੀ ਕਾਫੀ ਵਧ ਜਾਏਗੀ।
ਬੀ.ਐਸ.ਐਨ.ਐਲ. ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਅਨੂਪ ਸ੍ਰੀਵਾਸਤਵ ਦਾ ਕਹਿਣਾ ਹੈ ਕਿ ਕੰਪਨੀ ਜੀਓ ਤੋਂ ਵੀ ਸਸਤੀ ਮੋਬਾਈਲ ਸੇਵਾ ਦੇਣ ਵੱਲ ਵਧ ਰਹੀ ਹੈ। ਬੀ.ਐਸ.ਐਨ.ਐਲ. ਨਵੇਂ ਸਾਲ ਤੋਂ ਫਰੈਸ਼ ਆਫਰ ਤਹਿਤ ਲਾਈਫ ਟਾਈਮ ਫਰੀ ਵਾਈਸ ਕਾਲ ਸੇਵਾ ਦੇਣ ਦੀ ਤਿਆਰੀ ਕਰ ਰਹੀ ਹੈ।
ਕੰਪਨੀ ਜਨਵਰੀ ਤੋਂ ਜ਼ੀਰੋ ਵਾਇਸ ਟੈਰਿਫ ਦੀ ਸ਼ੁਰੂਆਤ ਕਰੇਗੀ ਜੋ ਰਿਲਾਇੰਸ ਜੀਓ ਦੇ ਐਂਟਰੀ ਦਰ 149 ਰੁਪਏ ਤੋਂ ਵੀ ਘੱਟ 'ਤੇ ਹਾਸਲ ਹੋਏਗੀ। ਇਹ ਸਹੂਲਤ ਉਨ੍ਹਾਂ ਨੂੰ ਵੀ ਮਿਲੇਗੀ ਜੋ ਬੀਐਸਐਨਐਲ ਦੀ ਲੈਂਡਲਾਈਨ ਸੇਵਾ ਦਾ ਇਸਤੇ ਮਾਲ ਕਰਦੇ ਹਨ।