ਜੁਲਾਈ 2019 ਤੋਂ ਕਾਰਾਂ ਦੀ ਕਾਇਆ-ਕਲਪ, ਇਹ ਚੀਜ਼ਾਂ ਹੋਣਗੀਆਂ ਲਾਜ਼ਮੀ
ਏਬੀਪੀ ਸਾਂਝਾ | 29 Oct 2017 02:27 PM (IST)
ਪ੍ਰਤੀਕਾਤਮਕ ਤਸਵੀਰ
ਨਵੀਂ ਦਿੱਲੀ: ਜੁਲਾਈ 2019 ਤੋਂ ਬਣਨ ਵਾਲੀਆਂ ਸਾਰੀਆਂ ਕਾਰਾਂ ਵਿੱਚ ਏਅਰਬੈਗਜ਼, ਸੀਟ ਬੈਲਟ ਯਾਦ ਦਿਵਾਉਣ ਵਾਲੀ ਸੁਵਿਧਾ, 80 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਰਫਤਾਰ 'ਤੇ ਚੌਕਸ ਕਰਨ ਵਾਲੀ ਸੁਵਿਧਾ, ਪਿੱਛੇ ਜਾਣ ਲਈ ਪਾਰਕਿੰਗ ਸੂਚਕ, ਮੈਨੂਅਲ ਓਵਰ-ਰਾਈਡ ਸਿਸਟਮ ਆਦਿ ਸੁਵਿਧਾਵਾਂ ਲਾਜ਼ਮੀ ਕਰ ਦਿੱਤੀਆਂ ਜਾਣਗੀਆਂ। ਸੜਕ ਤੇ ਆਵਾਜਾਈ ਮੰਤਰਾਲਾ ਨੇ ਇਸ 'ਤੇ ਮੁਹਰ ਲਾ ਦਿੱਤੀ ਹੈ। ਫਿਲਹਾਲ, ਮਹਿੰਗੀ ਤੇ ਲਗਜ਼ਰੀ ਕਾਰਾਂ ਵਿੱਚ ਹੀ ਸੁਰੱਖਿਆ ਸਬੰਧੀ ਉਕਤ ਮਾਪਦੰਡਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਭਾਰਤ ਵਿੱਤ ਹੋ ਰਹੇ ਸੜਕ ਹਾਦਸਿਆਂ ਨੂੰ ਘੱਟ ਕਰਨ ਹਿਤੁ ਇਹ ਫੈਸਲਾ ਲਿਆ ਹੈ। ਦੱਸ ਦਈਏ ਕਿ 2016 ਤੋਂ ਬਾਅਦ ਹਰ ਮਹੀਨੇ ਮਰਨ ਵਾਲੇ 1.5 ਲੱਖ ਲੋਕਾਂ ਵਿੱਚੋਂ ਤਕਰੀਬਨ ਅੱਧੇ ਯਾਨੀ 74,000 ਲੋਕ ਸੜਕ ਹਾਦਸਿਆਂ ਵਿੱਚ ਹੀ ਮਾਰੇ ਜਾਂਦੇ ਹਨ। ਇਹ ਮੌਤਾਂ ਤੇਜ਼ ਰਫਤਾਰ ਦੀ ਭੇਟ ਚੜ੍ਹ ਗਈ। ਆਵਾਜਾਈ ਮੰਤਰਾਲਾ ਦੇ ਇੱਕ ਸੂਤਰ ਮੁਤਾਬਕ ਨਵੀਆਂ ਕਾਰਾਂ ਵਿੱਚ ਅਜਿਹਾ ਸਿਸਟਮ ਲਾਇਆ ਜਾਵੇਗਾ ਕਿ ਜਦੋਂ ਵਾਹਨ ਦੀ ਰਫਤਾਰ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਹੋਣ ਲੱਗੇਗੀ ਤਾਂ ਆਵਾਜ਼ ਦੇ ਰੂਪ ਵਿੱਚ ਚੌਕਸ ਕਰੇਗਾ। ਜਦੋਂ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਹੋਣ 'ਤੇ ਇਹ ਆਵਾਜ਼ ਤੇਜ਼ ਹੋ ਜਾਵੇਗੀ। 120 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਰਫਤਾਰ ਹੋਣ ਤੋਂ ਬਾਅਦ ਇਹ ਆਵਾਜ਼ ਲਗਾਤਾਰ ਵਜਦੀ ਰਹੇਗੀ।