ਨਵੀਂ ਦਿੱਲੀ: ਕਰਜ਼ੇ ਦੇ ਬੋਝ ਹੇਠ ਦੱਬੀ ਦੂਰ ਸੰਚਾਰ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਤਕਰੀਬਨ ਮਹੀਨੇ ਦੇ ਅੰਦਰ ਆਪਣੀ 2ਜੀ ਮੋਬਾਈਲ ਸੇਵਾ ਬੰਦ ਕਰਨ ਵਾਲੀ ਹੈ। ਕੰਪਨੀ ਦੀ ਯੋਜਨਾ ਪ੍ਰੌਫਿਟ ਰਹਿਣ ਤੱਕ 3ਜੀ ਤੇ 4ਜੀ ਅਪ੍ਰੇਸ਼ਨ ਨੂੰ ਜਾਰੀ ਰੱਖਣ ਦੀ ਹੈ।

ਸੂਤਰਾਂ ਮੁਤਾਬਕ ਕੰਪਨੀ ਦੇ ਕਾਰਜਕਾਰੀ ਨਿਦੇਸ਼ਕ ਗੁਰਦੀਪ ਸਿੰਘ ਨੇ ਕਰਮਚਾਰੀਆਂ ਨੂੰ ਇਸ ਬਾਬਤ ਸੂਚਿਤ ਕੀਤਾ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਕਿਹਾ ਕਿ ਸਮਾਂ ਆ ਗਿਆ ਹੈ ਕਿ ਹੁਣ ਤੋਂ 30 ਦਿਨਾਂ ਬਾਅਦ ਵਾਇਰਲੈਸ ਕਾਰੋਬਾਰ ਬੰਦ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਕੰਪਨੀ ਆਈਐਲਡੀ ਵਾਈਸ, ਕੰਜ਼ਿਊਮਰ ਵਾਈਸ, 4ਜੀ ਪੋਸਟਪੇਡ ਡੋਂਗਲ ਤੇ ਮੋਬਾਈਲ ਟਾਵਰ ਕਾਰੋਬਾਰ ਵਿੱਚ ਓਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਇਸ ਵਿੱਚ ਮੁਨਾਫ਼ਾ ਹੁੰਦਾ ਰਹੇ। ਇਸ ਤੋਂ ਇਲਾਵਾ ਸਾਰੇ ਕਾਰੋਬਾਰ ਬੰਦ ਕਰ ਦਿੱਤੇ ਜਾਣਗੇ।

ਸੂਤਰਾਂ ਅਨੁਸਾਰ ਸਿੰਘ ਨੇ 21 ਨਵੰਬਰ ਨੂੰ ਲਾਇਸੈਂਸ ਸਮਾਪਤ ਹੋਣ ਤੋਂ ਬਾਅਦ ਡੀਟੀਐਚ ਸੇਵਾਵਾਂ ਬੰਦ ਕਰਨ ਦਾ ਜ਼ਿਕਰ ਕੀਤਾ ਹੈ। ਕੰਪਨੀ ਨੂੰ ਇਸ ਸਬੰਧੀ ਭੇਜੇ ਗਏ ਈ-ਮੇਲ ਦਾ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਦੱਸਣਯੋਗ ਹੈ ਕਿ ਕੰਪਨੀ ਉੱਪਰ 46 ਹਜ਼ਾਰ ਕਰੋੜ ਰੁਪਏ ਦੇ ਕਰਜ਼ ਦਾ ਬੋਝ ਹੈ। ਉਹ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਏਅਰਸੈੱਲ ਨੂੰ ਆਪਣਾ ਵਾਇਰਲੈਸ ਕਾਰੋਬਾਰ ਵੇਚਣ ਦਾ ਸੌਦਾ ਤਿਹ ਕਰਨ ਵਿੱਚ ਅਸਫਲ ਰਹੀ ਸੀ।