ਨਵੀਂ ਦਿੱਲੀ: ਨਿੱਜਤਾ ਤੇ ਨਿਗਰਾਨੀ ਦੇ ਅਧਿਕਾਰਾਂ ਸਬੰਧੀ ਬਹਿਸ ਦੇ ਚੱਲਦਿਆਂ ਸੀਬੀਆਈ ਨੇ ਇੱਕ ਨੋਟਿਸ ਜਾਰੀ ਕੀਤਾ ਹੈ। ਜਾਂਚ ਏਜੰਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਆਮ ਅਪਰਾਧਿਕ ਮਾਮਲਿਆਂ ਦੀ ਜਾਂਚ ਲਈ ਮਾਈਕ੍ਰੋਸਾਫਟ ਵੱਲੋਂ ਤਿਆਰ ਫੋਟੋ ਡੀਐਨਏ ਤਕਨੀਕ ਦਾ ਇਸਤੇਮਾਲ ਕਰਨ ਲਈ ਕਿਹਾ ਹੈ। ਦਰਅਸਲ ਸੀਬੀਆਈ ਕੁਝ ਸ਼ੱਕੀਆਂ ਦੀ ਪਛਾਣ ਕਰਨੀ ਚਾਹੁੰਦੀ ਹੈ। ਇਹ ਕੌਮਾਂਤਰੀ ਮਾਣਕਾਂ ਦੀ ਉਲੰਘਣਾ ਹੋਏਗੀ ਕਿਉਂਕਿ ਇਸ ਤਕਨੀਕ ਦਾ ਇਸਤੇਮਾਲ ਖ਼ਾਸ ਤੌਰ ’ਤੇ ਬਾਲ ਸੋਸ਼ਣ ਕਰਨ ਵਾਲੀਆਂ ਤਸਵੀਰਾਂ ਦੀ ਪਛਾਣ ਲਈ ਕੀਤਾ ਜਾਂਦਾ ਹੈ। ਇਸ ਲਈ ਇਸ ਨੋਟਿਸ ’ਤੇ ਬਹਿਸ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਇਸੇ ਮਹੀਨੇ ਸੀਬੀਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਨੋਟਿਸ ਜਾਰੀ ਕੀਤਾ ਸੀ ਜਿਸ ਨਾਲ ਕੁਝ ਤਸਵੀਰਾਂ ਵੀ ਭੇਜੀਆਂ ਗਈਆਂ ਹਨ। ਇਸ ਦੇ ਨਾਲ ਸੀਬੀਆਈ ਨੇ ਕੁਝ ਤਸਵੀਰਾਂ ਦੀ ਜਾਂਚ ਲਈ ਫੋਟੋ ਡੀਐਨਏ ਤਕਨੀਕ ਦੇ ਇਸਤੇਮਾਲ ਦੀ ਅਪੀਲ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਤਤਕਾਲ ਇਸ ਜਾਣਕਾਰੀ ਦੀ ਲੋੜ ਹੈ। ਯਾਨੀ ਸੀਬੀਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਉਸ ਦੇ ਸਰਵਰ ਤੋਂ ਸਾਰੀਆਂ ਤਸਵੀਰਾਂ ਦੀ ਜਾਂਚ ਵਾਸਤੇ ਖੋਜਬੀਣ ਕਰਨ ਲਈ ਕਿਹਾ ਹੈ।
ਸੂਤਰਾਂ ਨੇ ਮੀਡੀਆ ਨੂੰ ਦੱਸਿਆ ਕਿ ਫੋਟੋ ਡੀਐਨਏ ਸਾਫਟਵੇਅਰ ਦੇ ਬਾਲ-ਪੋਰਨੋਗ੍ਰਾਫੀ ਦੇ ਮਾਮਲਿਆਂ ਤੋਂ ਵੱਖਰੇ ਇਸਤੇਮਾਲ ਤੋਂ ਲੈ ਕੇ ਭਾਰਤ ਵਿੱਚ ਕਿਸੇ ਪਾਬੰਧੀ ਦੀ ਜਾਣਕਾਰੀ ਨਹੀਂ। ਹਾਲਾਂਕਿ ਸੀਬੀਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਸਿਰਫ ਅਪੀਲ ਕੀਤੀ ਹੈ। ਹੁਣ ਇਹ ਸੋਸ਼ਲ ਮੀਡੀਆ ਕੰਪਨੀਆਂ ’ਤੇ ਨਿਰਭਰ ਕਰਦਾ ਹੈ ਕਿ ਉਹ ਸ਼ੱਕੀਆਂ ਦੀ ਖੋਜ ਲਈ ਇਸ ਸਾਫਟਵੇਅਰ ਦਾ ਇਸਤੇਮਾਲ ਕਰਦੀਆਂ ਹਨ ਜਾਂ ਨਹੀਂ। ਯੂਰਪ ਵਿੱਚ ਇਸ ਤਕਨੀਕ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਯੂਰਪੀਅਨ ਯੂਨੀਅਨ ਫੋਟੋ ਡੀਐਨਏ ਤਕਨੀਕ ਬੈਨ ਕਰਨਾ ਚਾਹੁੰਦੀ ਹੈ।