ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਲੋਕਾਂ ਨੂੰ ਵੱਡੀ ਸੁਵਿਧਾ ਦਿੱਤੀ ਹੈ। ਚੋਣ ਕਮਿਸ਼ਨ ਨੇ cVIGIL ਐਪ ਨੂੰ ਪੇਸ਼ ਕੀਤਾ ਹੈ। ਇਸ ਐਪ ਰਾਹੀਂ ਨੇਤਾ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ ਤਾਂ ਲੋਕ ਉਸ ਦੀ ਤਸਵੀਰ ਜਾਂ ਵੀਡੀਓ ਬਣਾ ਕੇ ਚੋਣ ਅਧਿਕਾਰੀਆਂ ਨੂੰ ਭੇਜ ਸਕਦੇ ਹਨ।
ਇਸ ਐਪ ਨੂੰ ਛੱਤੀਸਗੜ੍ਹ, ਮੱਧ ਪ੍ਰਦੇਸ਼, ਮਿਜ਼ੋਰਮ ਤੇ ਰਾਜਸਥਾਨ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਪਰਖਿਆ ਜਾ ਚੁੱਕਾ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਐਂਡ੍ਰੌਇਡ ਆਧਾਰਤ cVIGIL ਐਪ ਵਰਤਣ ਵਿੱਚ ਬੇਹੱਦ ਸੌਖੀ ਹੈ। ਯੂਜ਼ਰ ਐਪ ਵਿੱਚ ਤਸਵੀਰ ਤੇ ਦੋ ਮਿੰਟ ਤਕ ਦੀ ਵੀਡੀਓ ਕਲਿੱਪ ਅਪਲੋਡ ਕਰ ਸਕਦੇ ਹਨ। ਇਸ ਕਲਿੱਪ ਨੂੰ ਭੇਜਣ ਸਮੇਂ ਯੂਜ਼ਰ ਨੂੰ ਮਾਮਲੇ ਦੀ ਸੰਖੇਪ ਵਿੱਚ ਜਾਣਕਾਰੀ ਵੀ ਦੇਣੀ ਹੋਵੇਗੀ।
ਭੂਗੋਲਿਕ ਜਾਣਕਾਰੀ (GIS) ਨਾਲ ਲੈਸ ਇਹ ਐਪ ਸ਼ਿਕਾਇਤਾਂ ਨੂੰ ਜ਼ਿਲ੍ਹਾ ਪੱਧਰ 'ਤੇ ਬਣੇ ਹੋਏ ਕੰਟਰੋਲ ਰੂਮ ਰਾਹੀਂ ਫਲਾਈਂਗ ਸਕੁਆਇਡ ਟੀਮ ਨੂੰ ਭੇਜਦੀ ਰਹੇਗੀ। ਚੋਣ ਕਮਿਸ਼ਨ ਦਾ ਦਾਅਵਾ ਹੈ ਕਿ 100 ਮਿੰਟਾਂ ਦੇ ਅੰਦਰ-ਅੰਦਰ ਹੱਲ ਕੀਤਾ ਜਾਵੇਗਾ।
ਯਾਦ ਰਹੇ cVIGIL ਐਪ ਵਿੱਚ ਪਹਿਲਾਂ ਤੋਂ ਰਿਕਾਰਡ ਕੀਤੀ ਤਸਵੀਰ ਜਾਂ ਵੀਡੀਓ ਅੱਪਲੋਡ ਨਹੀਂ ਕੀਤੀ ਜਾ ਸਕਦੀ ਤਾਂ ਜੋ ਇਸ ਦੀ ਦੁਰਵਰਤੋਂ ਤੇ ਫਰਜ਼ੀ ਤਸਵੀਰਾਂ ਜਾਂ ਵੀਡੀਓਜ਼ ਦੀ ਸਮੱਸਿਆ ਨਾ ਪੈਦਾ ਹੋਵੇ। ਇੰਨਾ ਹੀ ਨਹੀਂ ਚੋਣ ਜ਼ਾਬਤੇ ਦੌਰਾਨ ਨੇਤਾਵਾਂ ਵੱਲੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਸਤਾਵੇਜ਼ ਵੰਡਣ, ਭ੍ਰਿਸ਼ਟਾਚਾਰ ਤੇ ਵਿਵਾਦਤ ਬਿਆਨਾਂ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ।