ਵਾਸ਼ਿੰਗਟਨ: ਡੇਟਾ ਚੋਰੀ ਦੇ ਮਾਮਲੇ ਤੋਂ ਬਾਅਦ ਫੇਸਬੁੱਕ ਨੇ ਵੱਡਾ ਫੈਸਲਾ ਕੀਤਾ ਹੈ। ਫੇਸਬੁੱਕ ਨੇ ਆਪਣੇ ਇਸ ਮੰਚ ਤੋਂ ਕਰੀਬ 200 ਐਪ ਹਟਾ ਦਿੱਤੇ ਹਨ। ਇਹ ਲੰਬੀ ਜਾਂਚ ਤੋਂ ਬਾਅਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫੇਸਬੁੱਕ ਨੇ ਸੰਕੇਤ ਦਿੱਤਾ ਹੈ ਕਿ ਗਾਹਕਾਂ ਦੀ ਨਿੱਜਤਾ ਨੂੰ ਸੁਰੱਖਿਆ ਬਣਾਉਣ ਲਈ ਸਖਤ ਨੀਤੀ ਬਣਾਈ ਜਾਏਗੀ।


 

ਯਾਦ ਰਹੇ ਖ਼ਪਤਕਾਰਾਂ ਦੇ ਨਿੱਜੀ ਡੇਟਾ ਦੀ ਗਲਤ ਵਰਤੋਂ ਨੂੰ ਰੋਕਣ ਲਈ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਜਾਂਚ ਕਰ ਰਹੀ ਹੈ। ਇਸ ਜਾਂਚ ਤਹਿਤ ਉਸ ਨੇ ਆਪਣੇ ਇਸ ਮੰਚ ਤੋਂ ਕਰੀਬ 200 ਐਪ ਹਟਾਏ ਹਨ। ਬ੍ਰਿਟੇਨ ਦੀ ਕੰਪਨੀ ਕੈਂਬ੍ਰਿਜ਼ ਐਨਾਲਾਈਟਿਕਾ ’ਤੇ 8.7 ਕਰੋੜ ਫੇਸਬੁੱਕ ਖ਼ਪਤਕਾਰਾਂ ਦੇ ਅੰਕੜੇ ਗਲਤ ਢੰਗ ਨਾਲ ਹਾਸਲ ਕਰਨ ਤੇ ਉਸ ਦੀ ਵਰਤੋਂ ਟਰੰਪ ਦੀ ਚੋਣ ਮੁਹਿੰਮ (2016) ਵਿੱਚ ਕਰਨ ਦਾ ਦੋਸ਼ ਹੈ। ਫੇਸਬੁੱਕ ਨੇ ਇਸ ਸਬੰਧੀ ਜਾਂਚ ਕਰ ਰਹੀ ਹੈ।

ਫੇਸਬੁੱਕ ਦੇ ਅਧਿਕਾਰੀ ਆਰਕੀਬੋਂਗ ਨੇ ਬਿਆਨ ਵਿੱਚ ਕਿਹਾ, ‘‘ਜਾਂਚ ਟੀਮ ਇਨ੍ਹਾਂ ਐਪ ਦੀ ਜਾਂਚ ਕਰ ਰਹੀ ਹੈ। ਅੱਜ ਦੀ ਤਰੀਕ ਵਿੱਚ ਹਜ਼ਾਰਾਂ ਐਪ ਦੀ ਜਾਂਚ ਕੀਤੀ ਗਈ ਹੈ। 200 ਐਪ ਨੂੰ ਹਟਾਇਆ ਗਿਆ ਹੈ। ਇਨ੍ਹਾਂ ਐਪ ਨੇ ਡੇਟਾ ਦੀ ਦੁਰਵਰਤੋਂ ਕੀਤੀ ਹੈ ਜਾਂ ਨਹੀਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।’’