ਹੁਣ ਫੇਸਬੁੱਕ 'ਤੇ ਫਰਜ਼ੀ ਪੋਸਟਾਂ 'ਤੇ ਲਗਾਮ
ਏਬੀਪੀ ਸਾਂਝਾ | 20 Dec 2017 01:55 PM (IST)
ਹਿਊਸਟਨ: ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਹੁਣ ਲਾਈਕ ਤੇ ਸ਼ੇਅਰ ਵਧਾਉਣ ਲਈ ਫ਼ਰਜ਼ੀ ਪੋਸਟਾਂ ਪਾਉਣ ਵਾਲਿਆਂ 'ਤੇ ਲਗਾਮ ਕੱਸਣ ਦੀ ਤਿਆਰੀ ਕਰ ਰਹੀ ਹੈ। ਫੇਸਬੁੱਕ ਨੇ ਆਪਣੇ ਮੰਚ 'ਤੇ ਲਾਈਕ, ਕਾਮੈਂਟ ਜਾਂ ਸ਼ੇਅਰ ਦੀ ਅਪੀਲ ਨਾਲ ਪਬਲਿਸ਼ ਹੋਣ ਵਾਲੀਆਂ ਪੋਸਟਾਂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ ਹੈ। ਕੰਪਨੀ ਹੁਣ ਆਪਣੇ ਨਿਊਜ਼ਫ਼ੀਡ ਵਿੱਚ ਇਸ ਤਰ੍ਹਾਂ ਦੀ ਪੋਸਟ ਨੂੰ ਹੁੰਗਾਰਾ ਨਹੀਂ ਦੇਵੇਗੀ। ਦੱਸਣਯੋਗ ਹੈ ਕਿ ਫੇਸਬੁੱਕ 'ਤੇ ਅਨੇਕਾਂ ਲੋਕ, ਕੰਪਨੀਆਂ ਆਪਣੇ ਦੋਸਤਾਂ ਨੂੰ ਟੈਗ ਕਰਕੇ ਸੰਦੇਸ਼ ਦੇ ਨਾਲ ਪੋਸਟ ਪਾਉਂਦੇ ਹਨ ਤਾਂ ਜੋ ਉਸ 'ਤੇ ਜ਼ਿਆਦਾ ਤੋਂ ਜ਼ਿਆਦਾ ਕਾਮੈਂਟ, ਲਾਈਕ ਜਾਂ ਸ਼ੇਅਰ ਹੋਣ। ਇਸ ਨਾਲ ਉਹ ਪੋਸਟ ਪ੍ਰਸਿੱਧੀ ਦੇ ਮਾਣਕਾਂ ਨੂੰ ਪਾਰ ਕਰਦਿਆਂ ਫੇਸਬੁੱਕ ਦੀ ਨਿਊਜ਼ਫ਼ੀਡ ਵਿੱਚ ਉੱਪਰ ਆ ਜਾਂਦੀ ਹੈ। ਕੰਪਨੀ ਨੇ ਬਲੌਗ ਵਿੱਚ ਕਿਹਾ ਹੈ ਕਿ ਹੁਣ ਇਸ ਤਰ੍ਹਾਂ ਦੀ ਪੋਸਟ ਨੂੰ ਡਿਮੋਟ ਕੀਤਾ ਜਾਵੇਗਾ। ਫੇਸਬੁੱਕ 'ਤੇ ਅਜਿਹੇ ਪੇਜ ਜੋ ਲਗਾਤਾਰ ਇਸ ਤਰ੍ਹਾਂ ਦੇ ਟ੍ਰਿਕਸ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੀਆਂ ਸਾਰੀਆਂ ਪੋਸਟਾਂ ਨੂੰ ਡਿਮੋਟ ਕਰ ਦਿੱਤਾ ਜਾਵੇਗਾ। ਹਾਲਾਂਕਿ ਲੋਕਾਂ ਤੋਂ ਮਦਦ, ਸਲਾਹ ਜਾਂ ਸਿਫਾਰਸ਼ ਮੰਗਣ ਵਾਲੀ ਪੋਸਟ ਨੂੰ ਲੈ ਕੇ ਕੰਪਨੀ ਦੇ ਰਵੱਈਏ ਵਿੱਚ ਕੋਈ ਬਦਲਾਅ ਨਹੀਂ ਆਵੇਗਾ। ਕੰਪਨੀ ਨੇ ਲੱਖਾਂ ਦੀ ਗਿਣਤੀ ਵਿੱਚ ਪੋਸਟ ਦੀ ਸਮੀਖਿਆ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਕੰਪਨੀ ਨੇ ਇੱਕ ਮਸ਼ੀਨ ਲਰਨਿੰਗ ਮਾਡਲ ਤਿਆਰ ਕੀਤਾ ਹੈ ਜੋ ਵੱਖ-ਵੱਖ ਤਰ੍ਹਾਂ ਦੀਆਂ ਅਜਿਹੀਆਂ ਪੋਸਟਾਂ ਨੂੰ ਫੜੇਗਾ।