ਨਵੀਂ ਦਿੱਲੀ: ਗੂਗਲ ਤਾਈਵਾਨੀ ਕੰਪਨੀ ਐਚਟੀਸੀ ਦੇ ਸਮਾਰਟਫੋਨ ਕਾਰੋਬਾਰ ਨੂੰ ਖਰੀਦ ਸਕਦਾ ਹੈ। ਕਮਰਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਗੂਗਲ ਐਚਟੀਸੀ ਨੂੰ ਖਰੀਦਣ ਬਾਰੇ ਵਿਚਾਰ-ਵਟਾਂਦਰੇ ਕਰ ਰਿਹਾ ਹੈ।
ਫੋਨਏਰੀਨਾ ਡਾਟ ਕਾਮ ਨੂੰ ਕਮਰਸ਼ੀਅਲ ਟਾਈਮਜ਼ ਦੇ ਹਵਾਲੇ ਤੋਂ ਹੀ ਦੱਸਿਆ ਸੀ ਕਿ ਖਬਰ ਹੈ ਕਿ ਹੋ ਸਕਦਾ ਹੈ ਗੂਗਲ ਐਚਟੀਸੀ ਦੇ ਕਿਸੇ ਇੱਕ ਭਾਗ ਦਾ ਹਿੱਸੇਦਾਰ ਬਣ ਸਕਦਾ ਹੈ ਜਾਂ ਫਿਰ ਪੂਰੀ ਸਮਾਰਟਫੋਨ ਇਕਾਈ ਨੂੰ ਹੀ ਖਰੀਦਣ ਦੀ ਯੋਜਨਾ ਬਣਾ ਹੈ। ਹਾਲਾਂਕਿ, ਐਚਟੀਸੀ ਦੇ ਵਰਚੂਅਲ ਰਿਐਲਿਟੀ (ਐਚਟੀਸੀ ਵਾਈਬ) ਵਾਲਾ ਕਾਰੋਬਾਰ ਇਸ ਸੌਦੇ ਦਾ ਹਿੱਸਾ ਨਹੀਂ ਹੋਵੇਗਾ।
ਦੱਸਣਾ ਬਣਦਾ ਹੈ ਕਿ ਐਚਟੀਸੀ ਨੂੰ ਇਸ ਵਾਰ ਇੱਕ ਦਹਾਕੇ ਵਿੱਚ ਸਭ ਤੋਂ ਘੱਟ ਆਮਦਨ ਹੋਈ ਹੈ ਤੇ ਇਸ ਕਾਰਨ ਅਜਿਹੀਆਂ ਖਬਰਾਂ ਆਉਣੀਆਂ ਸੁਭਾਵਿਕ ਹਨ।
ਇੱਕ ਸਮੇਂ ਅਮਰੀਕਾ ਵਿੱਚ ਹਰਮਨਪਿਆਰੀ ਰਹਿਣ ਵਾਲੀ ਐਚਟੀਸੀ ਦੀ ਵਿੱਤੀ ਸਥਿਤੀ ਹਾਲੇ ਖਰਾਬ ਹੈ। ਆਪਣੇ ਮੁੱਖ ਉਪਕਰਣਾਂ ਨੂੰ ਬਾਜ਼ਾਰ ਵਿੱਚ ਉਤਾਰਨ ਦੇ ਬਾਵਜੂਦ ਕੰਪਨੀ ਕਾਫੀ ਸਮੇਂ ਤੋਂ ਬਾਜ਼ਾਰ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ।
ਜੇਕਰ ਇਹ ਸਮਝੌਤਾ ਹੁੰਦਾ ਹੈ ਤਾਂ 2012 ਵਿੱਚ ਗੂਗਲ ਦੇ 12.5 ਅਰਬ ਡਾਲਰ ਵਿੱਚ ਮੋਟੋਰੋਲਾ ਨੂੰ ਖਰੀਦਣ ਤੋਂ ਬਾਅਦ ਇਹ ਦੂਜਾ ਵੱਡਾ ਸੌਦਾ ਹੋਵੇਗਾ। ਪਰ 2 ਸਾਲਾਂ ਬਾਅਦ ਹੀ ਗੂਗਲ ਨੇ ਮੋਟੋਰੋਲਾ ਬ੍ਰਾਂਡ ਲੇਨੋਵੋ ਨੂੰ 2.91 ਅਰਬ ਡਾਲਰ ਵਿੱਚ ਵੇਚ ਦਿੱਤਾ ਸੀ।
ਇਸ ਸਾਲ ਜੁਲਾਈ ਵਿੱਚ ਐਚਟੀਸੀ ਨੇ ਆਪਣਾ ਸਭ ਤੋਂ ਉੱਤਮ ਸਮਾਰਟਫੋਨ U11 ਜਾਰੀ ਕੀਤਾ ਸੀ। ਇਸ ਦੀ ਕੀਮਤ 51,999 ਰੁਪਏ ਸੀ ਤੇ ਇਸ ਨੇ ਕੰਪਨੀ ਨੂੰ ਕੋਈ ਖਾਸ ਸਫਲਤਾ ਨਹੀਂ ਦਿਵਾਈ। ਕਿਹਾ ਜਾ ਰਿਹਾ ਹੈ ਕਿ ਗੂਗਲ ਦੇ 'ਪਿਕਸਲ 2' ਸਮਾਰਟਫੋਨ ਨੂੰ ਵੀ ਐਚਟੀਸੀ ਹੀ ਬਣਾ ਰਿਹਾ ਹੈ।