ਦੇਸ਼ ਭਰ ਵਿੱਚ ਅੱਜ ਰੰਗਾਂ ਦੇ ਤਿਉਹਾਰ ਹੋਲੀ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਹੋਲੀ ਖੇਡਦਿਆਂ ਹੋਇਆਂ ਲੋਕ ਰੰਗਾਂ ਦੇ ਨਾਲ-ਨਾਲ ਪਾਣੀ ਦੀ ਵੀ ਖ਼ੂਬ ਵਰਤੋਂ ਕਰਦੇ ਹਨ। ਇਸ ਕਰਕੇ ਬਹੁਤ ਸਾਰੇ ਲੋਕਾਂ ਦੇ ਮਹਿੰਗੇ ਸਮਾਰਟਫ਼ੋਨ ਖ਼ਰਾਬ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕੁਝ ਅਜਿਹੇ ਨੁਕਤੇ, ਜਿਸ ਨਾਲ ਤੁਸੀਂ ਆਪਣਾ ਕੀਮਤੀ ਸਮਾਰਟਫ਼ੋਨ ਸੁਰੱਖਿਅਤ ਰੱਖ ਸਕਦੇ ਹੋ। ਹੋਲੀ ਦੇ ਦਿਨ ਫ਼ੋਨ ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਜ਼ਿਪਲਾਕ ਪਾਊਚ ਹੈ। ਇਸ ਜਿਪ ਵਾਲੇ ਲਿਫਾਫੇ ਅੰਦਰ ਪਾਣੀ ਤੇ ਰੰਗ ਦੋਵੇਂ ਹੀ ਨਹੀਂ ਜਾਂਦੇ। ਇਸ ਤੋਂ ਇਲਾਵਾ ਇਹ ਪਾਊਚ ਬਾਜ਼ਾਰ ਵਿੱਚੋਂ ਆਰਾਮ ਨਾਲ ਤੇ ਸਸਤੇ ਮੁੱਲ ਵਿੱਚ ਖਰੀਦਿਆ ਜਾ ਸਕਦਾ ਹੈ। ਜੇਕਰ ਤੁਸੀਂ ਆਪਣੇ ਫ਼ੋਨ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਾ ਚਾਹੁੰਦੇ ਹੋ, ਤਾਂ ਥੋੜ੍ਹੇ ਪੈਸੇ ਖਰਚ ਕਰਨੇ ਪੈਣਗੇ। ਬਾਜ਼ਾਰ ਵਿੱਚ ਕੁਝ ਅਜਿਹੇ ਕਵਰ ਆਉਂਦੇ ਹਨ ਜੋ ਵਾਟਰਪਰੂਫ ਹੁੰਦੇ ਹਨ। ਇਸ ਤੋਂ ਇਲਾਵਾ ਫ਼ੋਨ ਲਈ ਵਿਸ਼ੇਸ਼ ਵਾਟਰਪਰੂਫ ਬੈਗ਼ ਵੀ ਖਰੀਦ ਸਕਦੇ ਹੋ। ਹੋਲੀ ਵਾਲੇ ਦਿਨ ਫ਼ੋਨ ਖ਼ਰਾਬ ਹੋਣ ਦਾ ਮੁੱਖ ਕਾਰਨ ਹੁੰਦਾ ਹੈ ਪਾਣੀ ਅੰਦਰ ਚਲਾ ਜਾਣਾ। ਫ਼ੋਨ ਵਿੱਚ ਪਾਣੀ ਚਾਰਜਿੰਗ ਪੋਰਟ ਜਾਂ ਫਿਰ ਹੈੱਡਫ਼ੋਨ ਜੈਕ ਰਾਹੀਂ ਜਾ ਸਕਦਾ ਹੈ। ਜੇਕਰ ਇਨ੍ਹਾਂ ਨੂੰ ਕਿਸੇ ਚੀਜ਼ ਨਾਲ ਢੱਕ ਦਿਓ ਤਾਂ ਤੁਹਾਡਾ ਫ਼ੋਨ ਬਚ ਸਕਦਾ ਹੈ। ਜੇਕਰ ਤੁਹਾਡੇ ਫ਼ੋਨ ਵਿੱਚ ਪਾਣੀ ਚਲਾ ਜਾਵੇ ਤਾਂ ਤੁਰੰਤ ਸਵਿੱਚ ਆਫ ਕਰ ਦਿਓ ਤੇ ਬੈਟਰੀ ਕੱਢ ਦਿਓ। ਫ਼ੋਨ ਨੂੰ ਸੁਕਾਉਣ ਲਈ ਭੁੱਲ ਕੇ ਵੀ ਹੇਅਰ ਡ੍ਰਾਈਰ ਦੀ ਵਰਤੋਂ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡੇ ਫ਼ੋਨ ਦਾ ਚਿਪਸੈੱਟ ਖਰਾਬ ਹੋ ਸਕਦਾ ਹੈ। ਪਾਣੀ ਵਿੱਚ ਡਿੱਗੇ ਫ਼ੋਨ ਨੂੰ ਤੁਸੀਂ ਚੌਲਾਂ ਦੇ ਡੱਬੇ ਵਿੱਚ ਵੀ ਰੱਖ ਸਕਦੇ ਹੋ। ਚੌਲ ਪਾਣੀ ਸੋਕਣ ਦੇ ਸਮਰੱਥ ਹੁੰਦੇ ਹਨ ਤੇ ਅਜਿਹਾ ਕਰਨ ਨਾਲ ਤੁਹਾਡੇ ਫ਼ੋਨ ਵਿੱਚ ਆਈ ਨਮੀ ਗਾਇਬ ਹੋ ਜਾਵੇਗੀ।