ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ ਆਮ ਬਜਟ 2018 ਵਿੱਚ ਸਮਾਰਟਫੋਨ 'ਤੇ ਲੱਗਣ ਵਾਲੀ ਕਸਟਮ ਡਿਊਟੀ ਨੂੰ 15 ਤੋਂ 20 ਫੀਸਦੀ ਕਰਨ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਦੇ ਇਸ ਐਲਾਨ ਦਾ ਅਸਰ ਨਵਾਂ ਬਜਟ ਲਾਗੂ ਹੋਣ ਤੋਂ ਪਹਿਲਾਂ ਹੀ ਆਈਫੋਨ ਦੀਆਂ ਕੀਮਤਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਆਮ ਬਜਟ 2018 ਦੇ ਐਲਾਨ ਤੋਂ ਦੋ ਦਿਨ ਬਾਅਦ ਐਪਲ ਨੇ ਆਪਣੇ ਆਈਫੋਨ ਦੀਆਂ ਕੀਮਤਾਂ ਵਿੱਚ 3.6 ਫੀਸਦੀ ਦਾ ਵਾਧਾ ਕੀਤਾ ਹੈ। ਹਾਲਾਂਕਿ ਭਾਰਤ ਵਿੱਚ ਬਣਨ ਵਾਲੇ ਆਈਫੋਨ SE ਦੀ ਕੀਮਤ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਐਪਲ ਵੱਲੋਂ ਆਈਫੋਨਜ਼ ਦੀਆਂ ਨਵੀਆਂ ਕੀਮਤਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਕਸਟਮ ਡਿਊਟੀ ਵਿੱਚ ਵਾਧੇ ਦੇ ਐਲਾਨ ਤੋਂ ਬਾਅਦ ਆਈਫੋਨ 6 ਦਾ 32ਜੀਬੀ ਸਟੋਰੇਜ਼ ਵੈਰੀਐਂਟ ਹੁਣ 30,780 ਦੀ ਥਾਂ 31,900 ਰੁਪਏ ਵਿੱਚ ਮਿਲੇਗਾ। ਜੇਕਰ ਆਈਫੋਨ 6s ਦੇ 32ਜੀਬੀ ਸਟੋਰੇਜ਼ ਵੈਰੀਐਂਟ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਹੁਣ 41,550 ਰੁਪਏ ਦੀ ਥਾਂ 42,900 ਰੁਪਏ ਹੋ ਗਈ ਹੈ। ਨਵੀਂ ਕੀਮਤ ਲਾਗੂ ਹੋਣ ਤੋਂ ਬਾਅਦ ਆਈਫੋਨ 6s ਪਲੱਸ ਦਾ 32ਜੀਬੀ ਸਟੋਰੇਜ਼ ਵੈਰੀਐਂਟ ਹੁਣ 61,450 ਰੁਪਏ ਵਿੱਚ ਮਿਲੇਗਾ। ਕਸਟਮ ਡਿਊਟੀ ਵਿੱਚ ਵਾਧੇ ਦੇ ਐਲਾਨ ਦਾ ਅਸਰ ਆਈਫੋਨ 7 ਤੇ ਆਈਫ਼ੋਨ 8 'ਤੇ ਵੀ ਦੇਖਣ ਨੂੰ ਮਿਲਿਆ ਹੈ। ਹੁਣ ਆਈਫੋਨ 7 ਦੇ 32ਜੀਬੀ ਸਟੋਰੇਜ਼ ਵੈਰੀਐਂਟ ਦੀ ਕੀਮਤ 50,810 ਰੁਪਏ ਦੀ ਥਾਂ 52,370 ਰੁਪਏ ਹੋ ਗਈ ਹੈ, ਜਦਕਿ ਆਈਫੋਨ 7 ਪਲੱਸ ਦਾ 32ਜੀਬੀ ਸਟੋਰੇਜ ਵੈਰੀਐਂਟ 61,060 ਰੁਪਏ ਦੀ ਥਾਂ 62,840 ਰੁਪਏ ਵਿੱਚ ਮਿਲੇਗਾ। ਠੀਕ ਇਸੇ ਹੀ ਤਰ੍ਹਾਂ ਆਈਫੋਨ 8 ਦਾ 64 ਜੀਬੀ ਵੈਰੀਐਂਟ ਹੁਣ 66,120 ਰੁਪਏ ਦੀ ਥਾਂ 67,940 ਰੁਪਏ ਵਿੱਚ ਮਿਲੇਗਾ। ਆਈਫੋਨ 8 ਪਲੱਸ ਦਾ 64 ਜੀਬੀ ਸਟੋਰੇਜ ਵੈਰੀਐਂਟ ਹੁਣ 75,450 ਰੁਪਏ ਦੀ ਥਾਂ 77,560 ਰੁਪਏ ਵਿੱਚ ਮਿਲੇਗਾ। ਹੁਣ ਤੱਕ 92,430 ਰੁਪਏ ਵਿੱਚ ਮਿਲ ਰਿਹਾ ਆਈਫੋਨ X ਦਾ 64ਜੀਬੀ ਸਟੋਰੇਜ ਵੈਰੀਐਂਟ ਨਵੀਆਂ ਕੀਮਤਾਂ ਤੋਂ ਬਾਅਦ 95,390 ਰੁਪਏ ਵਿੱਚ ਮਿਲੇਗਾ। ਹਾਲਾਂਕਿ ਭਾਰਤ ਵਿੱਚ ਹੀ ਬਣਨ ਵਾਲੇ ਆਈਫੋਨ SE ਦੀਆਂ ਕੀਮਤਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਕੀਤਾ ਗਿਆ। ਆਈਫੋਨ SE ਦਾ 32ਜੀਬੀ ਸਟੋਰੇਜ ਵੈਰੀਐਂਟ ਹੁਣ ਵੀ ਪਹਿਲਾਂ ਦੀ ਤਰ੍ਹਾਂ 26,000 ਰੁਪਏ ਵਿੱਚ ਮਿਲੇਗਾ।