ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ ਦੀ ਡਾਟਾ ਜੰਗ ਤੇਜ਼ ਹੀ ਹੁੰਦੀ ਜਾ ਰਹੀ ਹੈ। ਹੁਣ ਰਿਲਾਇੰਸ ਜੀਓ ਨੇ ਆਪਣੇ ਕੁਝ ਗਾਹਕਾਂ ਨੂੰ 10 ਜੀਬੀ ਡਾਟਾ ਮੁਫਤ ਦੇਣ ਦਾ ਐਲਾਨ ਕੀਤਾ ਹੈ। ਜੀਓ ਨੇ ਗਾਹਕਾਂ ਨੂੰ ਇਹ ਤੋਹਫਾ ਬਾਰਸੀਲੋਨਾ ਵਿੱਚ ਹੋਏ ਮੋਬਾਈਲ ਵਰਲਡ ਕਾਂਗਰਸ ਵਿੱਚ ਜੀਓ ਟੀਵੀ ਨੂੰ ਬੈਸਟ ਮੋਬਾਈਲ ਕੰਟੈਂਟ ਐਵਾਰਡ ਮਿਲਣ ਕਰਕੇ ਦੇਣਾ ਹੈ।
ਜੀਓ ਵੱਲੋਂ ਗਾਹਕਾਂ ਨੂੰ ਮਿਲਣ ਵਾਲੇ ਇਸ ਫਰੀ ਡਾਟਾ ਦੀ ਜਾਣਕਾਰੀ ਮੈਸੇਜ ਰਾਹੀਂ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਫਰੀ ਡਾਟਾ ਗਾਹਕ ਮੋਬਾਈਲ ਐਪ ਜੀਓ ਰਾਹੀਂ ਵੀ ਚੈੱਕ ਕਰ ਸਕਦੇ ਹਨ। ਗਾਹਕਾਂ ਨੂੰ ਮਿਲਣ ਵਾਲਾ 10 ਜੀਬੀ ਡਾਟਾ 27 ਮਾਰਚ ਤੱਕ ਦਿੱਤਾ ਜਾਵੇਗਾ।
ਜਿਨ੍ਹਾਂ ਨੂੰ ਇਹ ਡਾਟਾ ਮਿਲ ਰਿਹਾ ਹੈ, ਉਨ੍ਹਾਂ ਦੇ ਖਾਤੇ ਵਿੱਚ ਆਪਣੇ ਆਪ ਜੋੜ ਦਿੱਤਾ ਜਾਂਦਾ ਹੈ। ਜਿਨ੍ਹਾਂ ਗਾਹਕਾਂ ਨੂੰ 10 ਜੀਬੀ ਫਰੀ ਡਾਟਾ ਨਹੀਂ ਦਿੱਤਾ ਜਾ ਰਿਹਾ, ਉਹ 1299 ਨੰਬਰ 'ਤੇ ਕਾਲ ਕਰਕੇ ਫਰੀ ਡਾਟਾ ਲੈ ਸਕਦੇ ਹਨ।
ਜੀਓ ਦੇ ਇੱਕ ਵੱਡੇ ਅਧਿਕਾਰੀ ਨੇ ਕਿਹਾ ਕਿ ਜੀਓ ਦੀ ਪਛਾਣ ਕੌਮਾਂਤਰੀ ਪੱਧਰ 'ਤੇ ਹੋ ਰਹੀ ਹੈ। ਇਹ ਐਵਾਰਡ ਸਾਡੇ ਲਈ ਵੱਡੀ ਗੱਲ ਹੈ। ਇਸੇ ਲਈ ਅਸੀਂ ਆਪਣੇ ਗਾਹਕਾਂ ਨੂੰ ਮੁਫਤ ਡਾਟਾ ਦੇ ਰਹੇ ਹਾਂ।