ਚੰਡੀਗੜ੍ਹ: ਡੈਨਮਾਰਕ ਦੀ ਰਾਜਧਾਨੀ 'ਚ ਸਥਿਤ ਸਟਾਰਟ ਅੱਪ ਕੰਪਨੀ Kvaern ਨੇ ਅਜਿਹੀ ਈ-ਬਾਈਕ ਬਣਾਈ ਹੈ ਜਿਹੜੀ ਸੂਰਜ ਦੀ ਰੌਸ਼ਨੀ ਨਾਲ 50 ਕਿੱਲੋਮੀਟਰ ਦਾ ਸਫ਼ਰ ਤੈਅ ਕਰ ਸਕਦੀ ਹੈ। ਜੀ ਹਾਂ, ਇਸ ਨੂੰ ਚਲਾਉਣ ਲਈ ਤੁਹਾਨੂੰ ਪਾਵਰ ਆਊਟਲੈੱਟ ਲੱਭਣ ਦੀ ਲੋੜ ਨਹੀਂ ਪਵੇਗੀ।
ਇਸ ਨੂੰ ਬਣਾਉਣ ਵਾਲੇ ਸ਼ਖ਼ਸ ਦਾ ਕਹਿਣਾ ਹੈ ਕਿ ਇਸ ਨੂੰ ਰੇਸਿੰਗ ਵਾਲੇ BMX ਸਾਈਕਲ ਦੇ ਡਿਜ਼ਾਈਨ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ। ਇਸ ਵਿੱਚ ਕਈ ਅਜਿਹੇ ਆਧੁਨਿਕ ਫ਼ੀਚਰ ਦਿੱਤੇ ਗਏ ਹਨ ਜੋ ਤੁਸੀਂ ਹੁਣ ਤਕ ਕਿਸੇ ਹੋਰ ਈ-ਬਾਈਕ 'ਚ ਦੇਖੇ ਨਹੀਂ ਹੋਣਗੇ।
ਈ-ਬਾਈਕ 'ਚ 250 ਵਾਟ ਦੀ ਮੋਟਰ ਲੱਗੀ ਹੈ, ਜਿਸ ਨੂੰ 36 ਵੋਲਟ ਦੀ ਬੈਟਰੀ ਨਾਲ ਕਨੈੱਕਟ ਕੀਤਾ ਗਿਆ ਹੈ। ਇਹ ਮੋਟਰ ਲੋੜ ਪੈਣ 'ਤੇ 0 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਸਿਰਫ਼ 4.5 ਸੈਕੰਡ 'ਚ ਫੜਨ 'ਚ ਮਦਦ ਕਰਦੀ ਹੈ।
ਇਸ ਦੇ ਡਿਜ਼ਾਈਨ ਨੂੰ ਐਲਸਮਿਨੀਅਮ ਨਾਲ ਬਣਾਇਆ ਗਿਆ ਹੈ ਤੇ ਇਸ ਵਿੱਚ ਫਾਈਵ ਸਪੋਕ ਮੈਗਨੀਸ਼ੀਅਮ ਅਲਾਏ ਵ੍ਹੀਲਸ ਦਿੱਤੇ ਗਏ ਹਨ, ਜੋ ਇਸ ਦੀ ਲੁੱਕ ਨੂੰ ਹੋਰ ਵੀ ਬਿਹਤਰ ਬਣਾ ਰਹੇ ਹਨ।
ਚਾਲਕ ਦੀ ਸਹੂਲਤ ਲਈ ਵੱਖਰੇ ਤੌਰ 'ਤੇ ਇਸ ਵਿੱਚ ਰੀਮੂਵੇਬਲ ਬੈਟਰੀ ਦਿੱਤੀ ਗਈ ਹੈ, ਜਿਸ ਨੂੰ ਤੁਸੀਂ ਮੀਂਹ ਸਮੇਂ ਸਾਈਕਲ ਤੋਂ ਬਾਹਰ ਕੱਢ ਕੇ ਵਾਲ ਆਊਟਲੈੱਟ ਨਾਲ ਵੀ ਚਾਰਜ ਕਰ ਸਕਦੇ ਹੋ।
ਰਾਤ ਵੇਲੇ ਇਸ ਦਾ ਇਸਤੇਮਾਲ ਕਰਨ ਲਈ ਇਸ ਵਿੱਚ ਫ਼ਰੰਟ ਤੇ ਟੇਲ ਲਾਈਟਾਂ ਲਾਈਆਂ ਗਈਆਂ ਹਨ ਜੋ ਰਸਤਾ ਦਿਖਾਉਣ ਤੇ ਪਿੱਛੋਂ ਆ ਰਹੀਆਂ ਗੱਡੀਆਂ ਚਾਲਕ ਨੂੰ ਬਰੇਕ ਲਾਉਣ ਦਾ ਸਿਗਨਲ ਦੇਣਗੀਆਂ।
ਇਸ ਈ-ਬਾਈਕ 'ਚ ਬਿਲਟ ਇਨ ਬਲਿਊ ਟੁੱਥ ਸਪੀਕਰ ਲੱਗਾ ਹੈ, ਜਿਸ ਨੂੰ ਤੁਸੀਂ ਆਪਣੇ ਸਮਾਰਟਫ਼ੋਨ ਨਾਲ ਕਨੈੱਕਟ ਕਰਕੇ ਸਫ਼ਰ ਦੌਰਾਨ ਆਪਣੇ ਮਨਪਸੰਦ ਗਾਣਿਆਂ ਨੂੰ ਸੁਣ ਸਕਦੇ ਹੋ ਤੇ ਕਾਲ ਆਦਿ ਨੂੰ ਬਿਨਾਂ ਰੁਕੇ ਰਿਸੀਵ ਕਰ ਸਕਦੇ ਹੋ।
ਅਮਰੀਕੀ ਡਾਲਰ 1,220 (ਤਕਰੀਬਨ 79 ਹਜ਼ਾਰ ਰੁਪਏ) 'ਚ ਮੁਹੱਈਆ ਕੀਤਾ ਜਾਵੇਗਾ ਪਰ ਸੋਲਰ ਚਾਰਜਿੰਗ ਪੈਕ ਲਈ ਤੁਹਾਨੂੰ ਵੱਖਰੇ ਤੌਰ 'ਤੇ 550 ਡਾਲਰ (ਤਕਰੀਬਨ 35 ਹਜ਼ਾਰ ਰੁਪਏ) ਖ਼ਰਚ ਕਰਨੇ ਪੈਣਗੇ।
ਇਸ ਦੀ ਹੈਂਡਲ ਬਾਰ 'ਤੇ ਟ੍ਰਿਪ ਕੰਪਿਊਟਰ ਲੱਗਾ ਹੈ ਜੋ ਸਪੀਡ ਆਦਿ ਨੂੰ ਤਾਂ ਸ਼ੋਅ ਕਰਦਾ ਹੀ ਹੈ ਨਾਲ ਹੀ ਇਹ ਬੈਟਰੀ ਲੈਵਲ ਤੇ ਕਿੰਨੇ ਕਿਲੋਮੀਟਰ ਈ-ਬਾਈਕ ਹੋਰ ਚੱਲ ਸਕਦੀ ਹੈ, ਇਸ ਦੀ ਵੀ ਜਾਣਕਾਰੀ ਦਿੰਦਾ ਹੈ।