ਨਵੀਂ ਦਿੱਲੀ: ਸਾਲ 2018 ਦੀ ਮੋਬਾਈਲ ਵਰਲਡ ਕਾਂਗਰਸ ਦੀ ਸ਼ੁਰੂਆਤ 26 ਫਰਵਰੀ ਤੋਂ ਬਾਰਸੀਲੋਨਾ ਵਿੱਚ ਹੋਣ ਜਾ ਰਹੀ ਹੈ। ਮੋਬਾਈਲ ਦੀ ਦੁਨੀਆ ਦਾ ਇਸ ਸਾਲ ਦਾ ਸਭ ਤੋਂ ਵੱਡਾ ਇਵੈਂਟ ਇੱਕ ਮਾਰਚ ਤੱਕ ਚੱਲੇਗਾ। ਇਨ੍ਹਾਂ 4 ਦਿਨਾਂ ਦੌਰਾਨ ਸਾਰੀਆਂ ਵੱਡੀਆਂ ਕੰਪਨੀਆਂ ਆਪਣੇ ਸਮਾਰਟਫੋਨ ਲਾਂਚ ਕਰਨਗੀਆਂ। ਇਸ ਦੇ ਨਾਲ ਹੀ ਇਹ ਵੀ ਤੈਅ ਹੋਵੇਗਾ ਕਿ ਇਸ ਸਾਲ ਟੈਕਨੋਲੌਜੀ ਦੀ ਦੁਨੀਆ ਵਿੱਚ ਕੀ ਨਵਾਂ ਹੋਣ ਵਾਲਾ ਹੈ।

ਬੀਤੇ ਦੋ ਸਾਲ ਤੋਂ ਹੀ ਟੈਕਨਾਲੋਜੀ ਦੀ ਦੁਨੀਆ ਵਿੱਚ 4G ਤਕਨੀਕ ਦੀ ਚੜਾਈ ਰਹੀ ਪਰ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਮੋਬਾਈਲ ਵਰਲਡ ਕਾਂਗਰਸ ਦੌਰਾਨ 4G ਦੀ ਅਗਲੀ ਪੀੜੀ 5G ਤੋਂ ਪਰਦਾ ਚੁੱਕਿਆ ਜਾ ਸਕਦਾ ਹੈ। ਜੇਕਰ ਇਹ ਤਕਨੀਕ ਮੋਬਾਈਲ ਦੀ ਦੁਨੀਆ ਵਿੱਚ ਆ ਜਾਂਦੀ ਹੈ ਤਾਂ ਡਾਟਾ ਦੀ ਸਪੀਡ ਵਿੱਚ ਜ਼ਬਰਦਸਤ ਤਰੱਕੀ ਵੇਖਣ ਨੂੰ ਮਿਲੇਗੀ।

ਟੈਕ ਵੈਬਸਾਈਟ ਬੀਜੀਆਰ ਦੀ ਰਿਪੋਰਟ ਮੁਤਾਬਕ ਇਸ ਇਵੈਂਟ ਵਿੱਚ ਹਿੱਸਾ ਲੈ ਰਹੀਆਂ ਕੰਪਨੀਆਂ ਆਪਣੇ ਨਵੇਂ ਪ੍ਰੋਡਕਟ ਨੂੰ ਲਾਂਚ ਕਰਨ ਦੇ ਨਾਲ ਮੋਬਾਈਲ ਤੇ ਕਮਿਊਨੀਕੇਸ਼ਨ ਦੀ ਦੁਨੀਆ ਦਾ ਭਵਿੱਖ ਤੈਅ ਕਰੇਗੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਇਵੈਂਟ ਤੋਂ ਬਾਅਦ ਮੋਬਾਈਲ ਸੈਕਟਰ ਵਿੱਚ ਕਰੀਬ 13000 ਨਵੀਆਂ ਨੌਕਰੀਆਂ ਆਉਣ ਦੀ ਉਮੀਦ ਹੈ।

ਇਸ ਤੋਂ ਇਲਾਵਾ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਕੰਪਨੀ ਸੈਮਸੰਗ ਆਪਣੇ ਨਵੇਂ ਫਲੈਗਸ਼ਿਪ ਸਮਾਰਟਪੋਨ S9 ਤੇ S9 Plus ਨੂੰ ਲਾਂਚ ਕਰਨ ਵਾਲੀ ਹੈ। ਇਸ ਤੋਂ ਇਲਾਵਾ ਸੋਨੀ, ਆਸੁਸ, ਨੋਕੀਆ ਤੇ ਲੇਨੋਵੋ ਵੀ ਆਪਣੇ ਨਵੇਂ ਸਮਾਰਟਫੋਨ ਲਾਂਚ ਕਰਨਗੀਆਂ।